- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਕਸੂਦਾਂ ਸਬਜ਼ੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ, ਰਵੀਸ਼ ਰਾਜ ਨੇ ਸਫਾਈ ਵਿਵਸਥਾ 'ਤੇ ਚੁੱਕੇ ਸਵਾਲ

-ਡੀਸੀ ਦੱਸਣ ਮੰਡੀ ਦੀ ਸਫ਼ਾਈ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ: ਰਵੀਸ਼ ਰਾਜ
-ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਿਆ 800 ਟਨ ਕੂੜਾ, ਫੈਲ ਸਕਦੀ ਹੈ ਬਿਮਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂ ਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵੀਸ਼ ਰਾਜ ਸ਼ਰਮਾ ਨੇ ਮੰਗਲਵਾਰ ਨੂੰ ਮਕਸੂਦਾਂ ਸਬਜ਼ੀ ਮੰਡੀ ਦੇ ਅੰਦਰਲੇ ਤੇ ਪਿਛਲੇ ਹਿੱਸੇ ਦਾ ਦੌਰਾ ਕੀਤਾ ਤੇ ਉਥੇ ਲੱਗੇ ਗੰਦਗੀ ਤੇ ਕੂੜੇ ਦੇ ਢੇਰਾਂ 'ਤੇ ਚਿੰਤਾ ਪ੍ਰਗਟਾਈ। ਸਬਜ਼ੀ ਮੰਡੀ ਕਿਸੇ ਵੀ ਸ਼ਹਿਰ ਦਾ ਸਭ ਤੋਂ ਸੰਵੇਦਨਸ਼ੀਲ ਇਲਾਕਾ ਹੁੰਦਾ ਹੈ, ਜਿੱਥੋਂ ਪੂਰੇ ਸ਼ਹਿਰ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ ਹੁੰਦੀ ਹੈ। ਅਜਿਹੇ ’ਚ ਜੇ ਕੋਈ ਸਮਾਜ ਵਿਰੋਧੀ ਅਨਸਰ ਕਿਸੇ ਕਿਸਮ ਦੀ ਸ਼ਰਾਰਤ ਕਰਦਾ ਹੈ ਤਾਂ ਦੂਸ਼ਿਤ ਸਬਜ਼ੀਆਂ ਰਾਹੀਂ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਰਵੀਸ਼ ਰਾਜ ਨੇ ਕਿਹਾ ਕਿ ਮੰਡੀ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਇਸ ਗੱਲ ਦਾ ਸਬੂਤ ਹਨ ਕਿ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਡੀਸੀ ਨੂੰ ਸਵਾਲ ਕੀਤਾ ਕਿ ਮੰਡੀ ਵਰਗੇ ਸੰਵੇਦਨਸ਼ੀਲ ਇਲਾਕੇ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਕੂੜੇ ਦੇ ਢੇਰਾਂ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਸਫ਼ਾਈ ਕਰਮਚਾਰੀਆਂ ਦੀ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ’ਚ ਕਰੀਬ 800 ਟਨ ਕੂੜਾ ਇਕੱਠਾ ਨਹੀਂ ਹੋ ਸਕਿਆ ਹੈ, ਜਿਸ ਕਾਰਨ ਸਥਿਤੀ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਸਿਰਫ਼ ਮਕਸੂਦਾਂ ਸਬਜ਼ੀ ਮੰਡੀ ਤੱਕ ਹੀ ਸੀਮਤ ਨਹੀਂ ਹੈ, ਸਗੋਂ ਸ਼ਹਿਰ ਦੇ ਕਈ ਹਿੱਸਿਆਂ ’ਚ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੇ ਅਧਿਕਾਰੀ ਤੇ ਮੇਅਰ ਸ਼ਹਿਰ ਦੀ ਸਫਾਈ ਪ੍ਰਤੀ ਗੰਭੀਰ ਨਹੀਂ ਹਨ। ਉਨ੍ਹਾਂ ਕਿੰਗਜ਼ ਹੋਟਲ ਨੇੜੇ ਚੁਗਿੱਟੀ ਫਲਾਈਓਵਰ, ਰਾਮਾ ਮੰਡੀ ਫਲਾਈਓਵਰ, ਕਾਜ਼ੀ ਮੰਡੀ, ਮਖਦੂਮਪੁਰਾ ਡੰਪ ਸਮੇਤ ਕਈ ਥਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਲੱਗੇ ਕੂੜੇ ਦੇ ਢੇਰ ਭਰੇ ਪਏ ਹਨ ਤੇ ਸੜਕਾਂ 'ਤੇ ਕੂੜਾ ਫੈਲਿਆ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੂੜਾ ਚੁੱਕਣ ਦੀ ਵਿਵਸਥਾ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸ਼ਹਿਰ ’ਚ ਗੰਦਗੀ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ।