ਕੂੜੇ ਦੇ ਢੇਰਾਂ ਨੇ ਖੋਲ੍ਹੀ ਮਾਨ ਸਰਕਾਰ ਤੇ ਜਲੰਧਰ ਨਗਰ ਨਿਗਮ ਦੀ ਪੋਲ : ਭਾਜਪਾ ਆਗੂ ਕੂੜੇ ਦੇ ਢੇਰਾਂ ਨੇ ਖੋਲ੍ਹੀ ਭਗਵੰਤ ਮਾਨ ਸਰਕਾਰ ਅਤੇ ਜਲੰਧਰ ਨਗਰ ਨਿਗਮ ਦੀ ਪੋਲ : ਭਾਜਪਾ ਆਗੂ
Publish Date: Sun, 23 Aug 2026 09:49 PM (IST)
Updated Date: Sun, 23 Aug 2026 09:51 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੇ ਸਫ਼ਾਈ ਪ੍ਰਬੰਧ ਦੀ ਬਦਹਾਲ ਹਾਲਤ ਦੇ ਵਿਰੋਧ ’ਚ ਐਤਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ’ਤੇ ਖੜ੍ਹ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ, ਜਲੰਧਰ ਨਗਰ ਨਿਗਮ, ਮੇਅਰ ਵਨੀਤ ਧੀਰ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ। ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਪਲਾਜ਼ਾ ਚੌਕ, ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌੜ ਨੇ ਰਾਮਾ ਮੰਡੀ ਚੌਕ, ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਵਿਕਾਸਪੁਰੀ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਅਤੇ ਭਾਜਪਾ ਪਾਰਸ਼ਦ ਦਲ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਬਸਤੀ ਲਾਲ ਪਹਾੜੀ ਨੇੜੇ, ਜਦਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਅਮਰੀ ਨੇ ਕੂੜੇ ਦੇ ਡੰਪ ਕੋਲ ਖੜ੍ਹ ਕੇ ਸਰਕਾਰ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ l ਭਾਜਪਾ ਆਗੂਆਂ ਨੇ ਕਿਹਾ ਕਿ ਜਲੰਧਰ ਦੇ ਪ੍ਰਮੁੱਖ ਚੌਕਾਂ, ਸੜਕਾਂ, ਰਿਹਾਇਸ਼ੀ ਇਲਾਕਿਆਂ, ਧਾਰਮਿਕ ਸਥਾਨਾਂ ਅਤੇ ਇੱਥੋਂ ਤੱਕ ਕਿ ਸ਼ਹੀਦਾਂ ਦੀਆਂ ਸਮਾਰਕਾਂ ਸਾਹਮਣੇ ਵੀ ਕੂੜੇ ਦੇ ਢੇਰ ਲੱਗਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਦੀ ਇਹ ਮਾੜੀ ਹਾਲਤ ਜਲੰਧਰ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੀ ਪੂਰੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ। ਹਿੱਕੀ ਨੇ ਕਿਹਾ ਕਿ ਜਲੰਧਰ ਦੀ ਜਨਤਾ ਟੈਕਸ ਅਤੇ ਹੋਰ ਰੂਪਾਂ ਵਿੱਚ ਸਰਕਾਰ ਨੂੰ ਪੈਸਾ ਦਿੰਦੀ ਹੈ, ਪਰ ਬਦਲੇ ਵਿੱਚ ਉਸਨੂੰ ਗੰਦਗੀ, ਬਦਬੂ ਅਤੇ ਬਿਮਾਰੀਆਂ ਦਾ ਖ਼ਤਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਫ਼ਾਈ ਅਤੇ ਬਿਹਤਰ ਸਹੂਲਤਾਂ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਸ਼ਹਿਰ ਦੇ ਚੌਕ ਅਤੇ ਸੜਕਾਂ ਕੂੜੇ ਦੇ ਡੰਪਾਂ ਵਿੱਚ ਤਬਦੀਲ ਹੋ ਰਹੀਆਂ ਹਨ। ਭਾਜਪਾ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਨਹੀਂ ਹਟਾਏ ਗਏ ਅਤੇ ਸਫ਼ਾਈ ਪ੍ਰਬੰਧ ਠੀਕ ਨਾ ਕੀਤਾ ਗਿਆ ਤਾਂ ਮੀਂਹ ਦੇ ਮੌਸਮ ਦੌਰਾਨ ਟਾਇਫਾਇਡ, ਮਲੇਰੀਆ ਅਤੇ ਡੇਂਗੂ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਅਜਿਹੀ ਸਥਿਤੀ ਲਈ ਪੰਜਾਬ ਦੀ ਮਾਨ ਸਰਕਾਰ ਅਤੇ ਜਲੰਧਰ ਨਗਰ ਨਿਗਮ ਜ਼ਿੰਮੇਵਾਰ ਹੋਣਗੇ। ਇਸ ਮੌਕੇ ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਕਪੂਰ, ਕਸ਼ਿਤਿਜ ਢੱਲ, ਰਾਜੀਵ ਢੀਂਗਰਾ, ਅਸ਼ਵਨੀ ਢੰਡ, ਜਗਜੀਤ ਸਿੰਘ, ਅਮਿਤ ਭਾਟੀਆ, ਸ਼ਿਆਮ ਸ਼ਰਮਾ, ਯਜੀਤ ਹੂਰੀਆ, ਵਰੁਣ ਨਾਗਪਾਲ, ਦਵਿੰਦਰ ਕਾਲੀਆ, ਗੁਰਪ੍ਰੀਤ ਵਿੱਕੀ, ਦਵਿੰਦਰ ਭਾਰਦਵਾਜ, ਤਰਵਿੰਦਰ ਸੋਈ, ਦਰਸ਼ਨ ਭਗਤ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।