ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਪਟਿਆਲਾ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਉਬਰਾਏ ਦੇ ਵਿੱਤੀ ਸਹਿਯੋਗ ਅਤੇ ‘ਸਟੂਡੈਂਟ ਵੈੱਲਫੇਅਰ ਐਂਡ ਚੈਰੀਟੇਬਲ ਟਰੱਸਟ ਲਸਾੜਾ’ ਦੇ ਸਹਿਯੋਗ ਨਾਲ ਪਿੰਡ ਲਸਾੜਾ ਵਿਖੇ ਨਵਾਂ ਫਿਜ਼ੀਓਥੈਰੇਪੀ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸੈਂਟਰ ਦਾ ਉਦਘਾਟਨ ਡਾ. ਆਰ. ਐੱਸ. ਅਟਵਾਲ ਨੇ ਕੀਤਾ। ਇਹ ਕਦਮ ਪਿੰਡ ਵਾਸੀਆਂ ਲਈ ਖਾਸ ਕਰਕੇ ਬਜ਼ੁਰਗਾਂ ਅਤੇ ਸਰੀਰਕ ਅਸਮਰੱਥਤਾ ਵਾਲੇ ਵਿਅਕਤੀਆਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਸਮਾਗਮ ਦੌਰਾਨ ਮੰਚ ਸੰਚਾਲਕ ਜਗੀਰ ਸਿੰਘ ਨੇ ਸੰਸਥਾ ਦੇ ਮੌਜੂਦਾ ਅਤੇ ਭਵਿੱਖੀ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਾਢੇ ਚਾਰ ਸਾਲਾਂ ਤੋਂ ਟਰੱਸਟ ਵੱਲੋਂ ਪਿੰਡ ਵਿੱਚ ਮੈਡੀਕਲ ਲੈਬ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਹੁਣ ਇਸੇ ਇਮਾਰਤ ਵਿੱਚ ਫਿਜ਼ੀਓਥੈਰੇਪੀ ਸੇਵਾਵਾਂ ਵੀ ਉਪਲੱਬਧ ਹੋਣਗੀਆਂ। ਉਦਘਾਟਨ ਮੌਕੇ ਸੰਬੋਧਨ ਕਰਦਿਆਂ ਡਾ. ਅਟਵਾਲ ਨੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਟਰੱਸਟ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘ਇਹ ਸੇਵਾ ਸਮੇਂ ਦੀ ਮੰਗ ਹੈ ਤੇ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।’ ਉਨ੍ਹਾਂ ਖਾਸ ਤੌਰ ’ਤੇ ਡਾ. ਐੱਸ. ਪੀ. ਸਿੰਘ ਉਬਰਾਏ ਨੂੰ ਸਮੁੱਚੇ ਕੰਮ ਦੀ ਦੇਖਭਾਲ ਲਈ ਧੰਨਵਾਦ ਕੀਤਾ। ਕਾਬਿਲੇਗ਼ੌਰ ਹੈ ਕਿ ਡਾ. ਅਟਵਾਲ ਨੇ ਪਿੰਡ ਵਾਸੀਆਂ ਦੀ ਡੈਂਟਲ ਕਲੀਨਿਕ ਦੀ ਮੰਗ ਨੂੰ ਵੀ ਪ੍ਰਵਾਨ ਕਰਦਿਆਂ ਸੇਵਾਵਾਂ ਜਲਦ ਸ਼ੁਰੂ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਅਮਰਜੋਤ ਸਿੰਘ (ਪ੍ਰਧਾਨ ਦੁਆਬਾ ਜ਼ੋਨ) ਨੇ ਕਿਹਾ ਕਿ ਇਹ ਸੈਂਟਰ ਪਿੰਡ ਵਾਸੀਆਂ ਲਈ ਇੱਕ ਨਵੀਂ ਕਿਰਨ ਹੈ ਤੇ ਟਰੱਸਟ ਵੱਲੋਂ ਸਿਹਤ, ਸਿੱਖਿਆ ਅਤੇ ਸਮਾਜਿਕ ਭਲਾਈ ਲਈ ਲਗਾਤਾਰ ਯਤਨ ਜਾਰੀ ਰਹਿਣਗੇ। ਸਤਨਾਮ ਸਿੰਘ ਮਾਣਕ ਨੇ ਕਿਹਾ, ‘ਸਟੂਡੈਂਟ ਵੈੱਲਫੇਅਰ ਐਂਡ ਚੈਰੀਟੇਬਲ ਟਰੱਸਟ ਲਸਾੜਾ ਦੀ ਅਗਾਂਹ ਵਧੂ ਸੋਚ ਅਤੇ ਡਾ. ਐੱਸ.ਪੀ ਸਿੰਘ ਉਬਰਾਏ ਵਰਗੇ ਸਮਰਪਿਤ ਵਿਅਕਤੀ ਦੇ ਸਹਿਯੋਗ ਨਾਲ ਪੇਂਡੂ ਇਲਾਕੇ ਵਿੱਚ ਅਜਿਹੇ ਕਾਰਜ ਸਮਾਜ ਨੂੰ ਮਜ਼ਬੂਤ ਬਣਾਉਂਦੇ ਹਨ। ਸਮਾਜ ਸੇਵੀ ਮਾਸਟਰ ਮੰਗਲ ਦਾਸ ਅਤੇ ਨੌਜਵਾਨ ਸਰਪੰਚ ਦਵਿੰਦਰ ਸਿੰਘ ਨੇ ਵੀ ਕਮੇਟੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਕਦਮ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਦੇਸ਼ਾਂ ‘ਚ ਰਹਿੰਦੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ। ਸਮਾਗਮ ਵਿਚ ਕੁਲਦੀਪ ਸਿੰਘ, ਸਰਪੰਚ ਦਵਿੰਦਰ ਸਿੰਘ, ਮਲਕੀਤ ਸਿੰਘ ਨਿਊਜ਼ੀਲੈਂਡ, ਰਵਿੰਦਰ ਸਿੰਘ, ਡਾ. ਬਲਕਾਰ ਕਜਲਾ, ਸਾਬਕਾ ਸਰਪੰਚ ਰੇਸ਼ਮੋ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।