- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਹਾਕਿਆਂ ਬਾਅਦ ਵੀ ਵਿਕਾਸ ਦੀ ਉਡੀਕ 'ਚ ਫਿਲੌਰ, ਆਗੂਆਂ ਦੇ ਵਾਅਦੇ ਕਦੋਂ ਹੋਣਗੇ ਪੂਰੇ?

ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ
ਇਤਿਹਾਸਕ ਸ਼ਹਿਰ ਫਿਲੌਰ ਅੱਜ ਵੀ ਬੁਨਿਆਦੀ ਸਹੂਲਤਾਂ ਤੇ ਵਿਕਾਸ ਦੀ ਉਡੀਕ ਕਰ ਰਿਹਾ ਹੈ। ਸਵਾਲ ਇਹ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਫਿਲੌਰ ਦੀ ਤਰੱਕੀ ਲਈ ਕੀ ਕੁਝ ਕੀਤਾ ਗਿਆ ਤੇ ਇੱਥੋਂ ਦੇ ਲੋਕਾਂ ਨੂੰ ਵਿਕਾਸ ਦੇ ਨਾਂ 'ਤੇ ਕੀ ਮਿਲਿਆ? ਸਮੇਂ-ਸਮੇਂ 'ਤੇ ਸੱਤਾ ’ਚ ਰਹੀਆਂ ਸਰਕਾਰਾਂ ਦੇ ਆਗੂਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਸ਼ਹਿਰ ਦੀਆਂ ਕਈ ਬੁਨਿਆਦੀ ਸਮੱਸਿਆਵਾਂ ਲਈ ਤਰਸ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਫਿਲੌਰ ’ਚ ਪੰਜਾਬ ਪੁਲਿਸ ਅਕੈਡਮੀ ਵਰਗਾ ਅਹਿਮ ਅਦਾਰਾ ਮੌਜੂਦ ਹੈ, ਜਿੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਡੀਜੀਪੀ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਵੀ ਇਸ ਅਕੈਡਮੀ ’ਚ ਆਉਣਾ-ਜਾਣਾ ਹੁੰਦਾ ਰਹਿੰਦਾ ਹੈ। ਇਸ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ, ਟ੍ਰੈਫਿਕ ਵਿਵਸਥਾ, ਬੱਸ ਅੱਡੇ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
----------------------------------
ਬਿਨਾਂ ਛੱਤ ਤੋਂ ਬੱਸਾਂ ਦੀ ਉਡੀਕ ਕਰਨ ਲਈ ਯਾਤਰੀ ਮਜਬੂਰ
ਫਿਲੌਰ ’ਚ ਅੱਜ ਵੀ ਯਾਤਰੀਆਂ ਨੂੰ ਬੱਸਾਂ ਦੀ ਉਡੀਕ ਕਰਨ ਲਈ ਢੁੱਕਵੀਆਂ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ’ਚ ਤਿੱਖੀ ਧੁੱਪ ਤੇ ਸਰਦੀਆਂ ਵਿੱਚ ਕੜਾਕੇ ਦੀ ਠੰਢ ਦੌਰਾਨ ਲੋਕ ਖੁੱਲ੍ਹੇ ਅਸਮਾਨ ਹੇਠ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੇ ਹਨ। ਪੀਣ ਵਾਲੇ ਸਾਫ਼ ਪਾਣੀ, ਬੈਠਣ ਲਈ ਢੁੱਕਵੀਂ ਥਾਂ ਅਤੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ ਹਨ। ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਸਵਾਲ ਹੈ ਕਿ ਫਿਲੌਰ ਵਰਗੇ ਇਤਿਹਾਸਕ ਸ਼ਹਿਰ ’ਚ ਅੱਜ ਤੱਕ ਇਕ ਆਧੁਨਿਕ ਬੱਸ ਅੱਡਾ ਕਿਉਂ ਨਹੀਂ ਬਣਾਇਆ ਜਾ ਸਕਿਆ? ਇਸ ਸਬੰਧੀ ਗੱਲਬਾਤ ਕਰਦਿਆਂ ਰਜਿੰਦਰ ਸੰਧੂ ਨੇ ਕਿਹਾ ਕਿ ਨਗਰ ਕੌਂਸਲ ਫਿਲੌਰ ਵੱਲੋਂ ਹਰ ਸਾਲ ਬੱਸ ਅੱਡਾ ਫੀਸ ਦੇ ਰੂਪ ਵਿੱਚ ਲਗਭਗ 28 ਤੋਂ 30 ਲੱਖ ਰੁਪਏ ਵਸੂਲੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਬੱਸ ਅੱਡੇ ਦੇ ਅੰਦਰ ਬੱਸਾਂ ਨੂੰ ਰੁਕਵਾਉਣ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਬੱਸ ਅੱਡੇ ਦੀ ਇਮਾਰਤ ਵਿੱਚ ਪੁਲਿਸ ਵਿਭਾਗ ਵੱਲੋਂ ਮਾਲਖਾਨਾ ਬਣਾਇਆ ਹੋਇਆ ਹੈ, ਜਿੱਥੇ ਹਾਦਸਿਆਂ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਮੋਟਰਸਾਈਕਲਾਂ, ਕਾਰਾਂ, ਟਰੱਕਾਂ ਅਤੇ ਹੋਰ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਰੱਖਿਆ ਗਿਆ ਹੈ। ਇਸ ਕਾਰਨ ਬੱਸ ਅੱਡੇ ਦੀ ਇਮਾਰਤ ਦੀ ਵਰਤੋਂ ਅਤੇ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
-------------------------
ਅਣਦੇਖੀ ਕਾਰਨ ਸਤਲੁਜ ਕਲੱਬ ਨੇ ਧਾਰਿਆ ਜੰਗਲ ਦਾ ਰੂਪ
ਇਸੇ ਤਰ੍ਹਾਂ ਫਿਲੌਰ ਨਿਵਾਸੀਆਂ ਦੀ ਸਹੂਲਤ ਲਈ ਬਣਾਇਆ ਗਿਆ ਸਤਲੁਜ ਕਲੱਬ ਵੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਆਪਣੀ ਬਦਹਾਲੀ ਦੀ ਕਹਾਣੀ ਖੁਦ ਬਿਆਨ ਕਰ ਰਿਹਾ ਹੈ। ਕਲੱਬ ਦੇ ਅੰਦਰ ਚਾਰੇ ਪਾਸੇ ਵੱਡੀ-ਵੱਡੀ ਘਾਹ ਤੇ ਜੰਗਲੀ ਬੂਟੀ ਉੱਗੀ ਹੋਈ ਹੈ। ਇਮਾਰਤ ਦੀਆਂ ਛੱਤਾਂ ਟੁੱਟ ਚੁੱਕੀਆਂ ਹਨ ਅਤੇ ਕਲੱਬ ’ਚ ਲੱਗੇ ਏਸੀ ਵੀ ਗਾਇਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬਿਜਲੀ ਦਾ ਵੱਡਾ ਬਿੱਲ ਅਦਾ ਨਾ ਕੀਤੇ ਜਾਣ ਕਾਰਨ ਬਿਜਲੀ ਵਿਭਾਗ ਵੱਲੋਂ ਕਲੱਬ ਦਾ ਬਿਜਲੀ ਕੁਨੈਕਸ਼ਨ ਵੀ ਕੱਟਿਆ ਹੋਇਆ ਹੈ, ਜਿਸ ਕਲੱਬ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਮਨੋਰੰਜਨ ਲਈ ਬਣਾਇਆ ਗਿਆ ਸੀ, ਉਸ ਦੇ ਮੌਜੂਦਾ ਹਾਲਾਤ ਪ੍ਰਬੰਧਕੀ ਅਣਦੇਖੀ 'ਤੇ ਸਵਾਲ ਖੜ੍ਹੇ ਕਰਦੀ ਹੈ।
-------------------------
ਰੇਲਵੇ ਫਾਟਕ 'ਤੇ ਪੁਲ ਜਾਂ ਅੰਡਰਪਾਸ ਤੇ ਟ੍ਰੈਫਿਕ ਲਾਈਟਾਂ ਦੀ ਵੀ ਉਡੀਕ
ਫਿਲੌਰ ਸ਼ਹਿਰ ਦੀਆਂ ਹੋਰ ਅਹਿਮ ਸਮੱਸਿਆਵਾਂ ਵਿੱਚ ਰੇਲਵੇ ਫਾਟਕ 'ਤੇ ਪੁਲ ਜਾਂ ਅੰਡਰਪਾਸ ਦੀ ਘਾਟ ਅਤੇ ਟ੍ਰੈਫਿਕ ਲਾਈਟਾਂ ਦਾ ਢੁੱਕਵਾਂ ਪ੍ਰਬੰਧ ਨਾ ਹੋਣਾ ਵੀ ਸ਼ਾਮਲ ਹੈ। ਰੇਲਵੇ ਫਾਟਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਫਾਟਕ ਬੰਦ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਵਧ ਰਹੀ ਆਵਾਜਾਈ ਦੇ ਮੱਦੇਨਜ਼ਰ ਮੁੱਖ ਚੌਕਾਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਟ੍ਰੈਫਿਕ ਲਾਈਟਾਂ ਦੀ ਲੋੜ ਵੀ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਬਿਹਤਰ ਬਣਾਇਆ ਜਾ ਸਕਦਾ ਸੀ।
------------------------
ਵਾਅਦਿਆਂ ਦੀ ਬਜਾਏ ਜ਼ਮੀਨੀ ਪੱਧਰ 'ਤੇ ਵਿਕਾਸ ਦੀ ਲੋੜ
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸ਼ਹਿਰ ਨੂੰ ਸਿਰਫ਼ ਸਰਕਾਰੀ ਦੌਰਿਆਂ ਤੇ ਸਿਆਸੀ ਵਾਅਦਿਆਂ ਤੱਕ ਹੀ ਸੀਮਤ ਰੱਖਿਆ ਜਾਵੇਗਾ ਜਾਂ ਇੱਥੋਂ ਦੇ ਲੋਕਾਂ ਨੂੰ ਵੀ ਆਧੁਨਿਕ ਸਹੂਲਤਾਂ ਮਿਲਣਗੀਆਂ? ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ, ਨਗਰ ਕੌਂਸਲ ਤੇ ਚੁਣੇ ਹੋਏ ਨੁਮਾਇੰਦੇ ਇਨ੍ਹਾਂ ਸਮੱਸਿਆਵਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲੌਰ ਦੀਆਂ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਜ਼ਿੰਮੇਵਾਰ ਅਧਿਕਾਰੀ ਤੇ ਆਗੂ ਕਦੋਂ ਕੁੰਭਕਰਨੀ ਨੀਂਦ ਤੋਂ ਜਾਗਦੇ ਹਨ ਤੇ ਸ਼ਹਿਰ ਵਾਸੀਆਂ ਨੂੰ ਸਿਰਫ਼ ਵਾਅਦਿਆਂ ਦੀ ਬਜਾਏ ਜ਼ਮੀਨੀ ਪੱਧਰ 'ਤੇ ਵਿਕਾਸ ਦੇ ਕੰਮ ਕਦੋਂ ਦੇਖਣ ਨੂੰ ਮਿਲਦੇ ਹਨ।