
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਿਲੌਰ ਨਗਰ ਕੌਂਸਲ ਦੇ ਦਫ਼ਤਰ ਵਿਖੇ ਆਪਣੇ ਕੰਮ ਸਬੰਧੀ ਪਹੁੰਚੇ ਮੁਹੱਲਾ ਗੁਲਾਬੀ ਕੋਠੀ ਵਾਸੀ ਮਨੀਸ਼ ਕਪੂਰ ਦਾ ਕਾਲੇ ਰੰਗ ਦਾ ਬਜਾਜ ਪਲੈਟੀਨਾ ਮੋਟਰਸਾਈਕਲ ਨੰਬਰ PB-10-CJ-9589 ਦਿਨ-ਦਿਹਾੜੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਨਵਦੀਪ ਸਿੰਘ ਨਵੀ, ਫਿਲੌਰ : ਫਿਲੌਰ ਨਗਰ ਕੌਂਸਲ ਦੇ ਦਫ਼ਤਰ ਵਿਖੇ ਆਪਣੇ ਕੰਮ ਸਬੰਧੀ ਪਹੁੰਚੇ ਮੁਹੱਲਾ ਗੁਲਾਬੀ ਕੋਠੀ ਵਾਸੀ ਮਨੀਸ਼ ਕਪੂਰ ਦਾ ਕਾਲੇ ਰੰਗ ਦਾ ਬਜਾਜ ਪਲੈਟੀਨਾ ਮੋਟਰਸਾਈਕਲ ਨੰਬਰ PB-10-CJ-9589 ਦਿਨ-ਦਿਹਾੜੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਨੀਸ਼ ਕਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨਗਰ ਕੌਂਸਲ ਦਫ਼ਤਰ ਵਿਖੇ ਸੀਵਰੇਜ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਗਏ ਸਨ। ਉਨ੍ਹਾਂ ਆਪਣਾ ਮੋਟਰਸਾਈਕਲ ਦਫ਼ਤਰ ਦੇ ਬਾਹਰ ਖੜ੍ਹਾ ਕੀਤਾ ਅਤੇ ਸ਼ਿਕਾਇਤ ਲਿਖਵਾਉਣ ਲਈ ਅੰਦਰ ਚਲੇ ਗਏ। ਕਰੀਬ ਦੋ-ਚਾਰ ਮਿੰਟ ਬਾਅਦ ਜਦੋਂ ਉਹ ਵਾਪਸ ਬਾਹਰ ਆਏ ਤਾਂ ਮੋਟਰਸਾਈਕਲ ਆਪਣੀ ਜਗ੍ਹਾ ’ਤੇ ਮੌਜੂਦ ਨਹੀਂ ਸੀ।
ਉਨ੍ਹਾਂ ਨੇ ਆਸ-ਪਾਸ ਕਾਫ਼ੀ ਭਾਲ ਕੀਤੀ ਪਰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਮਨੀਸ਼ ਕਪੂਰ ਨੇ ਤੁਰੰਤ 112 ਨੰਬਰ ’ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਸ ਸਬੰਧੀ ਥਾਣਾ ਫਿਲੌਰ ਵਿਖੇ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਮਨੀਸ਼ ਕਪੂਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਨੂੰ ਜਲਦ ਕਾਬੂ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਬਰਾਮਦ ਕਰਵਾਇਆ ਜਾਵੇ।
ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਵਰਗੇ ਸਰਕਾਰੀ ਦਫ਼ਤਰ ਦੇ ਬਾਹਰੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋ ਜਾਣ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨਾਲ ਸਬੰਧਤ ਦ੍ਰਿਸ਼ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਏ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਚੋਰ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਫਿਲੌਰ ਦੇ ਮੇਨ ਬਾਜ਼ਾਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵੀ ਪਿਛਲੇ ਕੁਝ ਸਮੇਂ ਦੌਰਾਨ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਜਾਂ ਗਿਰੋਹ ਨੂੰ ਜਲਦ ਕਾਬੂ ਕੀਤਾ ਜਾਵੇ।