ਮੀਟਰ ਦੀਆਂ ਤਾਰਾਂ ਕੱਟਦੇ ਨੂੰ ਹਾਰ ਪਾ ਕੇ ਖੰਭੇ ਨਾਲ ਬੰਨ੍ਹਿਆ
ਮੀਟਰ ਦੀਆਂ ਤਾਰਾਂ ਕੱਟਦੇ ਫੜੇ ਨੋਜਵਾਨ ਨੂੰ ਲੋਕਾਂ ਨੇ ਹਾਰ ਪਾ ਕੇ ਖੰਭੇ ਨਾਲ ਬੰਨਿਆ
Publish Date: Fri, 03 Apr 2026 07:25 PM (IST)
Updated Date: Fri, 03 Apr 2026 08:34 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬਸਤੀ ਦਾਨਿਸ਼ਮੰਦਾ ਇਲਾਕੇ ’ਚ ਲੋਕਾਂ ਨੇ ਇਕ ਨੌਜਵਾਨ ਨੂੰ ਮੌਕੇ 'ਤੇ ਹੀ ਫੜ ਲਿਆ ਜਦੋਂ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨੌਜਵਾਨ ਬਿਜਲੀ ਦੇ ਮੀਟਰ ਨਾਲ ਜੁੜੀਆਂ ਤਾਰਾਂ ਕੱਟ ਰਿਹਾ ਸੀ। ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਤਾਰ ਕਟਰ ਤੇ ਹੋਰ ਔਜ਼ਾਰ ਬਰਾਮਦ ਕੀਤੇ ਗਏ। ਪੁੱਛਗਿੱਛ ਤੋਂ ਪਤਾ ਲੱਗਾ ਕਿ ਮੁਲਜ਼ਮ ਬਾਵਾ ਖੇਲ ਦਾ ਵਾਸੀ ਹੈ। ਨੌਜਵਾਨ ਨੇ ਆਪਣੀ ਬੇਗੁਨਾਹੀ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਉਹ ਇਕ ਸਾਥੀ ਦੇ ਨਾਲ ਸੀ ਤੇ ਉਸ ਨੂੰ ਯੋਜਨਾਬੱਧ ਚੋਰੀ ਦੀ ਕੋਈ ਪਹਿਲਾਂ ਤੋਂ ਜਾਣਕਾਰੀ ਨਹੀਂ ਸੀ। ਹਾਲਾਂਕਿ ਲੋਕਾਂ ਨੇ ਉਸਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਪਹਿਲਾਂ ਵੀ ਕਈ ਚੋਰੀ ਦੀਆਂ ਘਟਨਾਵਾਂ ’ਚ ਸ਼ਾਮਲ ਰਿਹਾ ਹੈ ਤੇ ਚੋਰੀ ਦਾ ਸਾਮਾਨ ਕਬਾੜੀਆਂ ਨੂੰ ਨਿਯਮਿਤ ਤੌਰ 'ਤੇ ਵੇਚਦਾ ਸੀ। ਨੌਜਵਾਨ ਦੀ ਬਹਾਨੇਬਾਜ਼ੀ ਤੋਂ ਨਾਰਾਜ਼ ਹੋ ਕੇ ਸਥਾਨਕ ਲੋਕਾਂ ਨੇ ਉਸ ਨੂੰ ਸਬਕ ਸਿਖਾਉਣ ਲਈ ਇਕ ਵਿਲੱਖਣ ਤਰੀਕਾ ਅਪਣਾਇਆ। ਉਸ ਦੇ ਗਲੇ ’ਚ ਫੁੱਲਾਂ ਦੇ ਹਾਰ ਪਾਏ ਤੇ ਇਕ ਖੰਭੇ ਨਾਲ ਬੰਨ੍ਹਿਆ ਤੇ ਉਸ ਨੂੰ ਆਂਢ-ਗੁਆਂਢ ’ਚ ਘੁੰਮਾਇਆ। ਇਸ ਦੌਰਾਨ ਕੁੱਟਮਾਰ ਵੀ ਕੀਤੀ।