- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਨ ਕਾਰਡਾਂ ਲਈ ਘੰਟਿਆਂ ਲਾਈਨਾਂ ’ਚ ਖੜ੍ਹੇ ਰਹਿਣ ਲਈ ਲੋਕ ਮਜਬੂਰ

ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਨਵੇਂ ਰਾਸ਼ਨ ਕਾਰਡ ਬਣਵਾਉਣ, ਪਰਿਵਾਰ ਦੇ ਨਵੇਂ ਮੈਂਬਰਾਂ ਦੇ ਨਾਮ ਸ਼ਾਮਲ ਕਰਵਾਉਣ ਅਤੇ ਰਿਕਾਰਡ ਅਪਡੇਟ ਕਰਵਾਉਣ ਦੀ 11 ਅਗਸਤ ਦੀ ਆਖਰੀ ਤਾਰੀਕ ਨੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਹਾਹਾਕਾਰ ਮਚਾ ਦਿੱਤਾ ਹੈ। ਸਵੇਰੇ ਤੋਂ ਹੀ ਔਰਤਾਂ, ਬਜ਼ੁਰਗ, ਨੌਜਵਾਨ ਅਤੇ ਦਿਹਾੜੀਦਾਰ ਮਜ਼ਦੂਰ ਆਪਣੀਆਂ ਫਾਈਲਾਂ ਹੱਥਾਂ ਵਿੱਚ ਫੜ ਕੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਕਈ ਲੋਕਾਂ ਨੂੰ ਆਪਣੀ ਵਾਰੀ ਲਈ 3 ਤੋਂ 5 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਦਕਿ ਕਈ ਬਿਨਾਂ ਕੰਮ ਹੋਏ ਹੀ ਵਾਪਸ ਜਾਣ ਲਈ ਮਜਬੂਰ ਹੋ ਰਹੇ ਹਨ। ਸੇਵਾ ਕੇਂਦਰਾਂ ਵਿੱਚ ਹਰ ਅਰਜ਼ੀ ਦੀ ਜਾਂਚ ਦੌਰਾਨ ਆਧਾਰ ਕਾਰਡ, ਪਰਿਵਾਰ ਦੀ ਫੋਟੋ, ਬਿਜਲੀ ਦਾ ਬਿੱਲ, ਜਾਤੀ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਂਦੀ ਹੈ। ਕਰਮਚਾਰੀਆਂ ਅਨੁਸਾਰ ਇੱਕ ਪੂਰੀ ਫਾਈਲ ਤਿਆਰ ਕਰਨ ਅਤੇ ਆਨਲਾਈਨ ਅਪਲੋਡ ਕਰਨ ਵਿੱਚ ਲਗਭਗ 20 ਮਿੰਟ ਲੱਗਦੇ ਹਨ। ਜੇ ਸਿਰਫ਼ ਇੱਕ ਮੈਂਬਰ ਦਾ ਨਾਮ ਸ਼ਾਮਲ ਕਰਨਾ ਹੋਵੇ ਤਾਂ ਵੀ ਕਰੀਬ 5 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਇਸ ਕਾਰਨ ਹਰ ਰੋਜ਼ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਹਾਲਾਤ ਇਸ ਲਈ ਹੋਰ ਵੀ ਗੰਭੀਰ ਹਨ ਕਿਉਂਕਿ ਸੇਵਾ ਕੇਂਦਰਾਂ ਵਿੱਚ ਕਾਊਂਟਰਾਂ ਦੀ ਗਿਣਤੀ ਮੰਗ ਦੇ ਮੁਕਾਬਲੇ ਬਹੁਤ ਘੱਟ ਹੈ। ਟਾਈਪ-2 ਸੇਵਾ ਕੇਂਦਰਾਂ ਵਿੱਚ ਕੇਵਲ 4 ਕਾਊਂਟਰ ਅਤੇ ਟਾਈਪ-3 ਕੇਂਦਰਾਂ ਵਿੱਚ ਸਿਰਫ਼ 2 ਕਾਊਂਟਰ ਹੀ ਕੰਮ ਕਰ ਰਹੇ ਹਨ। ਡੈੱਡਲਾਈਨ ਨੇੜੇ ਹੋਣ ਕਰਕੇ ਹਰ ਰੋਜ਼ ਸੈਂਕੜੇ ਨਵੇਂ ਬਿਨੈਕਾਰ ਪਹੁੰਚ ਰਹੇ ਹਨ, ਜਿਸ ਨਾਲ ਕਰਮਚਾਰੀਆਂ ’ਤੇ ਵੀ ਵਾਧੂ ਦਬਾਅ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਰਾਸ਼ਨ ਕਾਰਡ ਬਣਾਉਣ ਦੀ ਸੇਵਾ ਮੁਫ਼ਤ ਹੋਣ ਦੀ ਗੱਲ ਕਹੀ ਜਾਂਦੀ ਹੈ, ਪਰ ਸੇਵਾ ਕੇਂਦਰਾਂ ਵਿੱਚ 100 ਫੈਸੀਲੀਟੇਸ਼ਨ ਚਾਰਜ ਲਿਆ ਜਾ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਲੰਬੀਆਂ ਲਾਈਨਾਂ ਅਤੇ ਦੂਜੇ ਪਾਸੇ ਵਾਧੂ ਖ਼ਰਚ ਕਾਰਨ ਉਹ ਦੋਹਰੀ ਮਾਰ ਸਹਿ ਰਹੇ ਹਨ। ਕਈ ਲੋਕਾਂ ਨੇ ਦੋਸ਼ ਲਗਾਇਆ ਕਿ ਸੇਵਾ ਕੇਂਦਰਾਂ ਵਿੱਚ ਬੈਠਣ ਲਈ ਢੰਗ ਦਾ ਪ੍ਰਬੰਧ ਨਹੀਂ, ਨਾ ਹੀ ਪੀਣ ਵਾਲੇ ਪਾਣੀ ਜਾਂ ਹੋਰ ਬੁਨਿਆਦੀ ਸਹੂਲਤਾਂ ਉਪਲਬਧ ਹਨ। ਗਰਮੀ ਅਤੇ ਉਮਸ ਵਿੱਚ ਘੰਟਿਆਂ ਇੰਤਜ਼ਾਰ ਕਰਨ ਕਾਰਨ ਬਜ਼ੁਰਗਾਂ, ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ 11 ਅਗਸਤ ਦੀ ਡੈੱਡਲਾਈਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾ ਕੇਂਦਰਾਂ ਵਿੱਚ ਤੁਰੰਤ ਵਾਧੂ ਕਾਊਂਟਰ ਖੋਲ੍ਹੇ ਜਾਣ, ਹੋਰ ਆਪਰੇਟਰ ਤਾਇਨਾਤ ਕੀਤੇ ਜਾਣ ਅਤੇ ਲੋੜ ਪੈਣ ’ਤੇ ਕੰਮ ਦੇ ਘੰਟੇ ਵੀ ਵਧਾਏ ਜਾਣ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਕੋਈ ਵੀ ਯੋਗ ਪਰਿਵਾਰ ਡੈੱਡਲਾਈਨ ਕਾਰਨ ਵਾਂਝਾ ਨਾ ਰਹਿ ਜਾਵੇ।