- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਘੰਟਿਆਂ ਦੀ ਹੜਤਾਲ, ਪੂਰਾ ਦਿਨ ਖੱਜਲ-ਖੁਆਰੀ! ਫ਼ਰਦ ਕੇਂਦਰਾਂ ’ਚ ਕੰਮਕਾਜ ਪ੍ਰਭਾਵਿਤ

-ਜ਼ਮੀਨੀ ਦਸਤਾਵੇਜ਼ ਲੈਣ ਆਏ ਲੋਕਾਂ ਨੂੰ ਕਰਨਾ ਪਿਆ ਲੰਮਾ ਇੰਤਜ਼ਾਰ, ਕਈਆਂ ਨੂੰ ਬਿਨਾਂ ਕੰਮ ਕਰਵਾਏ ਪਰਤਣਾ ਪਿਆ
-ਦੋ ਘੰਟਿਆਂ ਦੀ ਹੜਤਾਲ ਦਾ ਖ਼ਮਿਆਜ਼ਾ ਸਾਰਾ ਦਿਨ ਆਮ ਜਨਤਾ ਨੇ ਭੁਗਤਿਆ, ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਉੱਠੇ ਸਵਾਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਫ਼ਰਦ ਕੇਂਦਰਾਂ ਦੇ ਆਪਰੇਟਰਾਂ ਦੀ ਹੜਤਾਲ ਨੇ ਸ਼ੁੱਕਰਵਾਰ ਨੂੰ ਆਮ ਲੋਕਾਂ ਦੀ ਖੱਜਲ-ਖੁਆਰੀ ਕਰਵਾ ਦਿੱਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਹੜਤਾਲ ਦਾ ਐਲਾਨ ਸਿਰਫ਼ ਸਵੇਰੇ 9 ਤੋਂ 11 ਵਜੇ ਤੱਕ ਕੀਤਾ ਗਿਆ ਸੀ ਪਰ ਇਸ ਦਾ ਅਸਰ ਦੋ ਘੰਟਿਆਂ ਤੱਕ ਸੀਮਤ ਰਹਿਣ ਦੀ ਬਜਾਏ ਪੂਰਾ ਦਿਨ ਦੇਖਣ ਨੂੰ ਮਿਲਿਆ। ਜ਼ਮੀਨ ਦੀਆਂ ਫ਼ਰਦਾਂ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈਣ ਲਈ ਕੇਂਦਰਾਂ ’ਚ ਪੁੱਜੇ ਲੋਕ ਕੰਮ ਹੋਣ ਦੀ ਉਡੀਕ ਕਰਦੇ ਰਹੇ। ਕਈ ਲੋਕਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਸ਼ੁੱਕਰਵਾਰ ਸਵੇਰੇ ਲੋਕ ਰੋਜ਼ਾਨਾ ਦੇ ਕੰਮ ਛੱਡ ਕੇ ਫ਼ਰਦ ਕੇਂਦਰਾਂ ਵਿੱਚ ਪਹੁੰਚੇ ਹੋਏ ਸਨ। ਲੋਕਾਂ ਨੂੰ ਉਮੀਦ ਸੀ ਕਿ ਹੜਤਾਲ ਦਾ ਨਿਰਧਾਰਤ ਸਮਾਂ ਖ਼ਤਮ ਹੁੰਦੇ ਹੀ ਕੰਮਕਾਜ ਮੁੜ ਸ਼ੁਰੂ ਹੋ ਜਾਵੇਗਾ ਪਰ 11 ਵਜੇ ਤੋਂ ਬਾਅਦ ਵੀ ਕੰਮਕਾਜ ਆਮ ਵਾਂਗ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਗਈਆਂ।
----------------
ਆਮ ਲੋਕਾਂ ਦਾ ਸਮਾਂ ਵੀ ਗਿਆ, ਪੈਸਾ ਵੀ ਬਰਬਾਦ ਹੋਇਆ
ਫ਼ਰਦ ਕੇਂਦਰਾਂ ਵਿੱਚ ਆਉਣ ਵਾਲੇ ਲੋਕਾਂ ਲਈ ਹਰ ਵਾਰ ਦਫ਼ਤਰ ਪੁੱਜਣਾ ਆਸਾਨ ਨਹੀਂ ਹੁੰਦਾ। ਕਈ ਲੋਕ ਦੂਰ-ਦੁਰਾਡੇ ਇਲਾਕਿਆਂ ਤੋਂ ਕਿਰਾਇਆ ਖਰਚ ਇੱਥੇ ਪਹੁੰਚਦੇ ਹਨ। ਕਿਸੇ ਨੂੰ ਆਪਣੀ ਜ਼ਮੀਨ ਨਾਲ ਸਬੰਧਤ ਕੰਮ ਲਈ ਫ਼ਰਦ ਦੀ ਲੋੜ ਹੁੰਦੀ ਹੈ ਤਾਂ ਕਿਸੇ ਨੂੰ ਹੋਰ ਸਰਕਾਰੀ ਜਾਂ ਕਾਨੂੰਨੀ ਪ੍ਰਕਿਰਿਆ ਲਈ ਜ਼ਮੀਨੀ ਰਿਕਾਰਡ ਦੀ ਲੋੜ ਪੈਂਦੀ ਹੈ। ਅਜਿਹੇ ’ਚ ਜੇ ਸਾਰਾ ਦਿਨ ਉਡੀਕ ਕਰਨ ਦੇ ਬਾਵਜੂਦ ਕੰਮ ਨਾ ਹੋਵੇ ਤਾਂ ਲੋਕਾਂ ਨੂੰ ਦੁਬਾਰਾ ਆਉਣ ਲਈ ਸਮਾਂ ਅਤੇ ਪੈਸਾ ਦੋਵੇਂ ਖਰਚਣੇ ਪੈਂਦੇ ਹਨ। ਸਭ ਤੋਂ ਵੱਧ ਮੁਸ਼ਕਲ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਕੰਮ ਕਿਸੇ ਨਿਰਧਾਰਤ ਸਮੇਂ ਨਾਲ ਜੁੜੇ ਹੁੰਦੇ ਹਨ।
--------------------------
ਆਪਰੇਟਰਾਂ ਦੇ ਮਸਲੇ ਜਗ੍ਹਾ, ਜਨਤਾ ਨੂੰ ਸਜ਼ਾ ਕਿਉਂ?
ਆਪਰੇਟਰਾਂ ਦੇ ਆਪਣੇ ਵਿਭਾਗੀ ਜਾਂ ਜਥੇਬੰਦਕ ਮਸਲੇ ਹੋ ਸਕਦੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਹੋਣਾ ਵੀ ਜ਼ਰੂਰੀ ਹੈ। ਕਿਸੇ ਵੀ ਕਰਮਚਾਰੀ ਜਾਂ ਆਪਰੇਟਰ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹੈ ਪਰ ਇਸ ਦੇ ਨਾਲ ਆਮ ਜਨਤਾ ਦੀ ਸਹੂਲਤ ਦਾ ਧਿਆਨ ਰੱਖਣਾ ਵੀ ਲਾਜ਼ਮੀ ਹੈ। ਹੜਤਾਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਲੋਕਾਂ ਦੇ ਕੰਮ ਮੁੜ ਸ਼ੁਰੂ ਕਰਵਾਉਣ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ਲੋਕਾਂ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਦੋ ਘੰਟਿਆਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤਾਂ ਬਾਕੀ ਸਮੇਂ ਦੌਰਾਨ ਕੰਮਕਾਜ ਕਿਉਂ ਪ੍ਰਭਾਵਿਤ ਰਿਹਾ?
----------------------------
ਪ੍ਰਸ਼ਾਸਨ ਦੀ ਜਵਾਬਦੇਹੀ ਕੌਣ ਤੈਅ ਕਰੇਗਾ?
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਰੇਟਰਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਆਮ ਲੋਕਾਂ ਦੇ ਕੰਮ ਪ੍ਰਭਾਵਿਤ ਨਾ ਹੋਣ ਦੇ ਪ੍ਰਬੰਧ ਵੀ ਕਰੇ। ਹੜਤਾਲ ਦੀ ਸਥਿਤੀ ’ਚ ਬਦਲਵਾਂ ਪ੍ਰਬੰਧ, ਲੋਕਾਂ ਨੂੰ ਪਹਿਲਾਂ ਸੂਚਨਾ ਅਤੇ ਕੰਮਕਾਜ ਮੁੜ ਸ਼ੁਰੂ ਕਰਨ ਦਾ ਸਪੱਸ਼ਟ ਸਮਾਂ ਨਿਰਧਾਰਤ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਬੇਵਜ੍ਹਾ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਦਾ ਨੋਟਿਸ ਲੈਂਦਾ ਹੈ ਜਾਂ ਨਹੀਂ ਅਤੇ ਭਵਿੱਖ ਵਿੱਚ ਫ਼ਰਦ ਕੇਂਦਰਾਂ ਦਾ ਕੰਮ ਸੁਚਾਰੂ ਰੱਖਣ ਲਈ ਕੀ ਕਦਮ ਚੁੱਕੇ ਜਾਂਦੇ ਹਨ।