- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
6 ਦਿਨਾਂ ਤੋਂ ਡਰਾਈਵਿੰਗ ਟੈਸਟ ਟਰੈਕ ’ਤੇ ਕੰਮ ਠੱਪ, ਵੱਡੀ ਪਰੇਸ਼ਾਨੀ

ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ’ਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਲੰਧਰ ਦੇ ਆਰਟੀਏ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ’ਤੇ ਲੋਕਾਂ ਦੀ ਖੱਜਲ-ਖੁਆਰੀ ਲਗਾਤਾਰ ਵਧ ਰਹੀ ਹੈ। ਹਾਲਾਤ ਇਹ ਹਨ ਕਿ ਸ਼ਨਿਚਰਵਾਰ ਤੇ ਐਤਵਾਰ ਨੂੰ ਪੱਕੀ ਛੁੱਟੀ, ਸੋਮਵਾਰ ਨੂੰ ਬਿਜਲੀ ਦਾ ਖੰਭਾ ਡਿੱਗਣ ਕਾਰਨ ਟਰੈਕ ਪੂਰੀ ਤਰ੍ਹਾਂ ਬੰਦ ਰਿਹਾ, ਮੰਗਲਵਾਰ ਨੂੰ ਦੁਸ਼ਹਿਰੇ ਦੀ ਛੁੱਟੀ ਕਾਰਨ ਕੰਮਕਾਜ ਨਹੀਂ ਹੋ ਸਕਿਆ ਤੇ ਹੁਣ ਬੁੱਧਵਾਰ ਤੇ ਵੀਰਵਾਰ ਨੂੰ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਕਾਰਨ ਵੀ ਟਰੈਕ ’ਤੇ ਕੰਮ ਪ੍ਰਭਾਵਿਤ ਹੋਣ ਦੀ ਸਥਿਤੀ ਬਣੀ ਹੋਈ ਹੈ। ਇਸ ਤਰ੍ਹਾਂ ਲਗਾਤਾਰ 6 ਦਿਨ ਕੰਮ ਨਾ ਹੋਣ ਕਾਰਨ ਡਰਾਈਵਿੰਗ ਲਾਇਸੈਂਸ ਬਣਵਾਉਣ ਤੇ ਨਵਿਆਉਣ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਕ ਪਾਸੇ ਮੁਲਾਜ਼ਮ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਜਦਕਿ ਦੂਜੇ ਪਾਸੇ ਆਪਣੇ ਜ਼ਰੂਰੀ ਕੰਮਾਂ ਲਈ ਟਰੈਕ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਵਾਰ-ਵਾਰ ਵਾਪਸ ਪਰਤਣਾ ਪੈ ਰਿਹਾ ਹੈ।
--------------------------
ਟਰੈਕ ‘ਤੇ ਇਨ੍ਹਾਂ ਕੰਮਾਂ ‘ਤੇ ਲੱਗੀ ਬ੍ਰੇਕ
ਡਰਾਈਵਿੰਗ ਟੈਸਟ ਟਰੈਕ ’ਤੇ ਕੰਮ ਬੰਦ ਹੋਣ ਕਾਰਨ ਪ੍ਰਭਾਵਿਤ ਹੋਣ ਵਾਲੇ ਕੰਮਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਉਪਲੱਬਧ ਅੰਕੜਿਆਂ ਅਨੁਸਾਰ 120 ਪੱਕੇ ਡਰਾਈਵਿੰਗ ਲਾਇਸੈਂਸਾਂ ਦੇ ਟੈਸਟ, 200 ਤੋਂ 250 ਲਾਇਸੈਂਸ ਨਵਿਆਉਣ ਨਾਲ ਸਬੰਧਤ ਫੋਟੋਆਂ, 10 ਤੋਂ 15 ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸਾਂ ਅਤੇ 25 ਤੋਂ 30 ਲਰਨਿੰਗ ਲਾਇਸੈਂਸ ਨਵਿਆਉਣ ਨਾਲ ਸਬੰਧਤ ਕੰਮ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਟਰੈਕ ਦਾ ਕੰਮ ਬੰਦ ਹੋਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਰੋਜ਼ਾਨਾ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਟਰੈਕ ਬੰਦ ਹੋਣ ਕਾਰਨ ਸਭ ਤੋਂ ਵੱਡੀ ਮੁਸ਼ਕਲ ਅਪਾਇੰਟਮੈਂਟਾਂ ਦੀ ਪ੍ਰਕਿਰਿਆ ਨੂੰ ਲੈ ਕੇ ਸਾਹਮਣੇ ਆਉਂਦੀ ਹੈ। ਦੱਸਿਆ ਜਾਂਦਾ ਹੈ ਕਿ ਪੱਕੇ ਡਰਾਈਵਿੰਗ ਲਾਇਸੈਂਸਾਂ ਦੇ ਟੈਸਟਾਂ ਨੂੰ ਮੁੜ ਨਿਰਧਾਰਤ ਕੀਤਾ ਜਾਂਦਾ ਹੈ, ਪਰ ਬਾਕੀ ਕੰਮਾਂ ਲਈ ਲੋਕਾਂ ਨੂੰ ਦੁਬਾਰਾ ਅਪਾਇੰਟਮੈਂਟ ਲੈਣੀ ਪੈਂਦੀ ਹੈ।
------------------------
ਯੂਨੀਅਨ ਕਰਵਾਉਂਦੀ ਕੰਮ ਬੰਦ : ਐੱਸਓ
ਟਰੈਕ ‘ਤੇ ਕੰਮ ਬੰਦ ਕਰਵਾਉਣ ਸਬੰਧੀ ਜਦੋਂ ਸੈਕਸ਼ਨ ਅਧਿਕਾਰੀ (ਐੱਸਓ) ਮਨੀਸ਼ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸਵੇਰੇ ਕੁਝ ਸਮੇਂ ਲਈ ਟਰੈਕ ‘ਤੇ ਕੰਮ ਚੱਲਿਆ ਸੀ ਪਰ ਬਾਅਦ ਵਿੱਚ ਯੂਨੀਅਨ ਨੇ ਬੰਦ ਕਰਵਾ ਦਿੱਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਟਰੈਕ ‘ਤੇ ਤਕਰੀਬਨ ਸਾਰੇ ਮੁਲਾਜ਼ਮ ਪ੍ਰਾਈਵੇਟ ਸੁਸਾਇਟੀ ਅਧੀਨ ਆਉਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਆਰਟੀਓ ਬਲਜਿੰਦਰ ਸਿੰਘ ਨਾਲ ਗੱਲ ਕਰ ਸਕਦੇ ਹੋ।