ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਰਾਹਗੀਰ ਪਰੇਸ਼ਾਨ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਰਾਹਗੀਰ ਪਰੇਸ਼ਾਨ
Publish Date: Tue, 08 Sep 2026 09:37 PM (IST)
Updated Date: Tue, 08 Sep 2026 09:37 PM (IST)
-ਸੜਕ ’ਚ ਪਏ ਟੋਇਆ ਕਾਰਨ ਵਾਪਰ ਚੁੱਕੇ ਨੇ ਕਈ ਹਾਦਸੇ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਵਿਧਾਨ ਸਭਾ ਹਲਕਾ ਨਕੋਦਰ ਅਧੀਨ ਪੈਂਦੇ ਕਸਬਾ ਮੱਲ੍ਹੀਆਂ ਕਲਾਂ ਦੇ ਨਜ਼ਦੀਕ ਪੈਂਦੀਆਂ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਮੱਲ੍ਹੀਆਂ ਕਲਾ ਤੋਂ ਪਿੰਡ ਕੰਗ ਸਾਹਿਬ ਰਾਏ ਤੇ ਤਲਵੰਡੀ ਭਰੋਂ ਨੂੰ ਜਾਂਦੀ ਲਿੰਕ ਸੜਕ ਸਿਰਫ ਨਾਮ ਦੀ ਹੀ ਸੜਕ ਰਹਿ ਗਈ ਹੈ। ਇਹ ਸੜਕ ਤਿੰਨ ਸਾਲ ਪਹਿਲਾਂ ਸਰਕਾਰ ਦੇ ਪ੍ਰੋਜੈਕਟ ’ਚ ਹਸੈਨਪੁਰ ਤੋਂ ਵਾਇਆ ਹੇਰਾ, ਤਲਵੰਡੀ ਭਰੋ ਤੋ ਮੱਲ੍ਹੀਆਂ ਕਲਾਂ ਤੱਕ ਮਨਜ਼ੂਰ ਹੋਈ ਸੀ ਪਰ ਪਤਾ ਨਹੀਂ ਕਿਸ ਵਜ੍ਹਾ ਕਾਰਨ ਇਸ ਨੂੰ ਅਣਗੌਲਿਆ ਕਰ ਦਿੱਤਾ ਗਿਆ। ਤਲਵੰਡੀ ਭਰੋ ਤੋਂ ਪਿੰਡ ਰਸੂਲਪੁਰ ਕਲਾਂ ਤੇ ਪਿੰਡ ਤਲਵੰਡੀ ਭਰੋ ਤੋਂ ਸਹਿਮ ਨੂੰ ਜਾਂਦੀਆਂ ਲਿੰਕ ਸੜਕਾਂ ’ਚ ਪਏ ਵੱਡੇ ਵੱਡੇ ਟੋਏ ਤਰਸਯੋਗ ਹਾਲਤ ਨੂੰ ਬਿਆਨ ਕਰ ਰਹੇ ਹਨ ਪਰ ਸਰਕਾਰ ਤੇ ਸਬੰਧਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਜੋ ਲੋਕ ਮਿਲਣੀ ਤਹਿਤ ਪਿੰਡ ਕੰਗ ਸਾਹਿਬ ਰਾਏ ਵਿਖੇ ਅੱਜ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਪੁੱਜੇ ਸਨ ਤੇ ਜਿਨ੍ਹਾਂ ਨੇ ਵਾਅਦਾ ਕੀਤਾ ਹੈ ਸੀ ਕਿ ਮੱਲ੍ਹੀਆਂ ਕਲਾਂ ਤੋਂ ਕੰਗ ਸਾਹਿਬ ਰਾਏ ਤਲਵੰਡੀ ਭਰੋ ਤੱਕ ਸੜਕ ਨੂੰ ਬਹੁਤ ਜਲਦੀ ਬਣਾਇਆ ਜਾਵੇਗਾ ਪਰ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ ਤੇ ਲੋਕ ਬੇਸਬਰੀ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਹਨ। ਦੱਬਵੀਂ ਆਵਾਜ਼ ’ਚ ਪਿੰਡ ਕੰਗ ਸਾਹਿਬ ਰਾਏ ਵਾਸੀ ਇਹ ਵੀ ਕਹਿ ਰਹੇ ਹਨ ਕਿ ਜੇਕਰ ਇਸ ਸੜਕ ਨੂੰ ਨਹੀਂ ਬਣਾਇਆ ਗਿਆ ਤਾਂ ਆਉਣ ਵਾਲੀਆਂ ਚੋਣਾਂ ’ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਨਾ ਪਵੇਗਾ।