- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਹਾਕੀ ਪ੍ਰਸ਼ਾਸਨ ਨਾਲ ਜੁੜੇ ਇੱਕ ਅਹਿਮ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਹਾਕੀ ਇੰਡੀਆ ਦੀਆਂ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਹਾਕੀ ਪ੍ਰਸ਼ਾਸਨ ਨਾਲ ਜੁੜੇ ਇੱਕ ਅਹਿਮ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਹਾਕੀ ਇੰਡੀਆ ਦੀਆਂ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਜਸਟਿਸ ਕੇ.ਵੀ. ਵਿਸ਼ਵਨਾਥਨ ਅਤੇ ਜਸਟਿਸ ਅਰੁਣ ਪੱਲੀ ਦੀ ਬੈਂਚ ਨੇ ਉੜੀਸਾ ਹਾਈ ਕੋਰਟ ਵੱਲੋਂ ਚੋਣ ਪ੍ਰਕਿਰਿਆ 'ਤੇ ਲਗਾਈ ਗਈ ਰੋਕ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਹਾਕੀ ਇੰਡੀਆ ਦੀਆਂ ਚੋਣਾਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ 5 ਦਸੰਬਰ 2026 ਨੂੰ ਹੀ ਕਰਵਾਈਆਂ ਜਾਣਗੀਆਂ।
ਕੀ ਸੀ ਪੂਰਾ ਮਾਮਲਾ?
ਦਰਅਸਲ, ਉੜੀਸਾ ਹਾਈ ਕੋਰਟ (ਕਟਕ) ਨੇ 6 ਨਵੰਬਰ ਅਤੇ 18 ਨਵੰਬਰ 2026 ਨੂੰ ਦੋ ਵੱਖ-ਵੱਖ ਹੁਕਮ ਜਾਰੀ ਕਰਕੇ ਹਾਕੀ ਇੰਡੀਆ ਦੀ ਚੋਣ ਪ੍ਰਕਿਰਿਆ 'ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਹਾਕੀ ਇੰਡੀਆ ਵੱਲੋਂ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਛੁੱਟੀ ਪਟੀਸ਼ਨਾਂ — SLP (C) ਨੰਬਰ 40972–40974 ਆਫ਼ 2026 ਦਾਇਰ ਕੀਤੀਆਂ ਗਈਆਂ ਸਨ।
ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਉੜੀਸਾ ਹਾਈ ਕੋਰਟ ਦੇ ਦੋਵਾਂ ਵਿਵਾਦਤ ਹੁਕਮਾਂ ਨੂੰ ਖਾਰਜ ਕਰਨ ਦੇ ਨਾਲ-ਨਾਲ ਉੱਥੇ ਲੰਬਿਤ ਪਈ ਰਿੱਟ ਪਟੀਸ਼ਨ ਦਾ ਵੀ ਨਿਪਟਾਰਾ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਹਾਕੀ ਇੰਡੀਆ ਵੱਲੋਂ 'ਹਾਕੀ ਐਸੋਸੀਏਸ਼ਨ ਆਫ਼ ਉੜੀਸਾ' ਨੂੰ ਜਾਰੀ ਕੀਤੇ ਗਏ ਦੋ ਕਾਰਨ ਦੱਸੋ ਨੋਟਿਸ (ਜਿਨ੍ਹਾਂ ਵਿੱਚ ਉਸ ਦਾ ਦਰਜਾ ਸਥਾਈ ਮੈਂਬਰ ਤੋਂ ਬਦਲ ਕੇ ਐਸੋਸੀਏਟ ਮੈਂਬਰ ਕਰਨ ਦਾ ਪ੍ਰਸਤਾਵ ਸੀ) ਵੀ ਵਾਪਸ ਲੈ ਲਏ ਹਨ ਅਤੇ ਉੜੀਸਾ ਹਾਕੀ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਬਕਾ ਜੱਜ ਜਸਟਿਸ ਏ.ਕੇ. ਸੀਕਰੀ ਦੀ ਅਗਵਾਈ ਹੇਠ ਇੱਕ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਬੇਹੱਦ ਸਖ਼ਤ ਅਤੇ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਖੇਡ ਅਤੇ ਖਿਡਾਰੀਆਂ ਦੇ ਹਿੱਤਾਂ ਦਾ ਕਿਸੇ ਵੀ ਕੀਮਤ 'ਤੇ ਨੁਕਸਾਨ ਨਹੀਂ ਹੋਣਾ ਚਾਹੀਦਾ। ਜੇਕਰ ਸਮੇਂ ਸਿਰ ਚੋਣਾਂ ਨਾ ਕਰਵਾਈਆਂ ਗਈਆਂ, ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ, ਜਿਸ ਵਿੱਚ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਹਾਕੀ ਇੰਡੀਆ ਦੀ ਮਾਨਤਾ ਰੱਦ ਕੀਤੇ ਜਾਣ ਦਾ ਖ਼ਤਰਾ ਵੀ ਸ਼ਾਮਲ ਹੈ।
5 ਦਸੰਬਰ ਨੂੰ ਹੋਵੇਗੀ ਚੋਣ
ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹਾਕੀ ਇੰਡੀਆ ਦੀ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਛਾਏ ਅਨਿਸ਼ਚਿਤਤਾ ਦੇ ਬੱਦਲ ਪੂਰੀ ਤਰ੍ਹਾਂ ਛੱਟ ਗਏ ਹਨ। ਹੁਣ ਚੋਣ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਪੁਰਾਣੇ ਸ਼ਡਿਊਲ ਮੁਤਾਬਕ 5 ਦਸੰਬਰ 2026 ਨੂੰ ਵੋਟਿੰਗ ਪ੍ਰਕਿਰਿਆ ਨੇਪਰੇ ਚਾੜ੍ਹੀ ਜਾਵੇਗੀ। ਖੇਡ ਮਾਹਿਰਾਂ ਅਤੇ ਹਾਕੀ ਪ੍ਰੇਮੀਆਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤੀ ਹਾਕੀ ਦੇ ਬਿਹਤਰ ਭਵਿੱਖ ਅਤੇ ਪ੍ਰਸ਼ਾਸਨਿਕ ਸਥਿਰਤਾ ਲਈ ਅਹਿਮ ਕਦਮ ਦੱਸਿਆ ਹੈ।