- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਯਮਾਂ ਦੇ ਚੱਕਰ ’ਚ 3 ਘੰਟੇ ਪ੍ਰੇਸ਼ਾਨ ਹੋਏ ਮੁੱਖ ਮੰਤਰੀ ਤੀਰਥ ਯਾਤਰੀ

ਹਲਕਾ ਇੰਚਾਰਜ ਪੰਡੋਰੀ ਦੇ ਦਖ਼ਲ ਮਗਰੋਂ ਬੱਸ ਹੋਈ ਰਵਾਨਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ :
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਸ਼ਾਹਕੋਟ ਤੋਂ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਦੇ ਚਾਰ ਦਿਨਾਂ ਧਾਰਮਿਕ ਟੂਰ ਲਈ ਰਵਾਨਾ ਹੋਣ ਵਾਲੀ ਬੱਸ ਵਿਵਾਦ ਦੇ ਚੱਲਦਿਆਂ ਕਰੀਬ 3 ਘੰਟੇ ਰੁਕੀ ਰਹੀ, ਜਿਸ ਕਾਰਨ ਤਪਦੀ ਗਰਮੀ ਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬੱਸ ਦੇ ਪ੍ਰਬੰਧਕੀ ਸਟਾਫ਼ ਵੱਲੋਂ ਯਾਤਰੀਆਂ ਦੀ ਸ਼ਨਾਖ਼ਤ ਅਤੇ ਆਧਾਰ ਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਸਟਾਫ਼ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ 50 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਤੇ ਕਿਸੇ ਹੋਰ ਦੇ ਨਾਂ ’ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਰੂਪ ਲਾਲ ਸ਼ਰਮਾ, ਜਿਨ੍ਹਾਂ ਆਪਣਾ ਅਧਾਰ ਕਾਰਡ ਘੱਟ ਉਮਰ ਹੋਣ ਕਰਕੇ ਨਹੀਂ ਦਿਖਾਇਆ ਤੇ ਯਾਤਰਾ ’ਤੇ ਜਾਣ ਲਈ ਬਜਿੱਦ ਹੋ ਗਏ। ਪ੍ਰਬੰਧਕਾਂ ਵੱਲੋਂ ਨਿਯਮਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਲਿਜਾਣ ਤੋਂ ਇਨਕਾਰ ਕਰਨ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਤੇ ਬੱਸ 3ਘੰਟੇ ਉੱਥੇ ਹੀ ਖੜ੍ਹੀ ਰਹੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ। ਉਹ ਰਾਤ 9:30 ਵਜੇ ਦੇ ਕਰੀਬ ਆਪਣੇ ਪਿੰਡ ਪੰਡੋਰੀ ਤੋਂ ਬਾਕੀ ਆਗੂਆਂ ਐਮਸੀ ਪ੍ਰਵੀਨ ਗਰੋਵਰ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ, ਵਾਰਡ ਇੰਚਾਰਜ ਰਾਜ ਕੁਮਾਰ ਬਾਂਸਲ ਅਤੇ ਕੁਲਵੰਤ ਸਿੰਘ ਮਲਸੀਆਂ ਸਮੇਤ ਮੌਕੇ ’ਤੇ ਪੁੱਜੇ। ਆਗੂਆਂ ਨੇ ਦਖ਼ਲ ਦਿੰਦਿਆਂ ਪ੍ਰਬੰਧਕਾਂ ਅਤੇ ਯਾਤਰੀਆਂ ਵਿਚਾਲੇ ਗੱਲਬਾਤ ਕਰਵਾ ਕੇ ਮਾਮਲੇ ਨੂੰ ਸੁਲਝਾਇਆ। ਆਪ ਆਗੂਆਂ ਦੇ ਦਖ਼ਲ ਅਤੇ ਸਹਿਮਤੀ ਮਗਰੋਂ ਨਿਯਮਾਂ ਮੁਤਾਬਕ ਯੋਗ ਪਾਏ ਗਏ 27 ਸ਼ਰਧਾਲੂਆਂ ਨੂੰ ਲੈ ਕੇ ਬੱਸ ਨੂੰ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਦੇ 4 ਦਿਨਾਂ ਟੂਰ ਲਈ ਰਵਾਨਾ ਕੀਤਾ ਗਿਆ, ਜਿਸ ਤੋਂ ਬਾਅਦ ਹੀ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।