ਸੋਢਲ ਮੇਲੇ ‘ਤੇ ਝੂਲਿਆਂ ਦੀ ਮਨਜ਼ੂਰੀ ’ਤੇ ਘਮਸਾਨ, ਮਾਮਲਾ ਬਣਿਆ ਸਿਆਸੀ! ਸੋਡਲ ਮੇਲੇ ‘ਤੇ ਝੂਲਿਆਂ ਦੀ ਮਨਜ਼ੂਰੀ ’ਤੇ ਘਮਾਸਾਨ, ਮਾਮਲਾ ਬਣਿਆ ਸਿਆਸੀ!
Publish Date: Tue, 22 Sep 2026 09:54 PM (IST)
Updated Date: Tue, 22 Sep 2026 09:57 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ ਸੋਢਲ ਚੌਕ ਨੇੜੇ ਸਥਿਤ ਨੇਹਰੂ ਚਿਲਡਰਨ ਪਾਰਕ ‘ਚ ਸੋਢਲ ਮੇਲੇ ਦੇ ਸੰਬੰਧ ‘ਚ ਝੂਲੇ ਲਗਾਉਣ ਨੂੰ ਲੈ ਕੇ ਵਿਵਾਦ ਹੁਣ ਨਗਰ ਨਿਗਮ ਤੋਂ ਨਿਕਲ ਕੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਗਿਆ ਹੈ। ਪਾਰਕ ਵਿੱਚ ਝੂਲੇ ਲਗਾਉਣ ਦੀ ਮਨਜ਼ੂਰੀ, ਇਲਾਕਾ ਵਾਸੀਆਂ ਦੇ ਵਿਰੋਧ, ਪਾਰਕ ਦੀ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਤੇ ਬਾਅਦ ਵਿੱਚ ਦੂਜੀ ਪਾਰਟੀ ਨੂੰ ਮਨਜ਼ੂਰੀ ਦੇਣ ਦੇ ਦੋਸ਼ਾਂ ਨੇ ਪੂਰੇ ਮਾਮਲੇ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਨਗਰ ਨਿਗਮ ਵੱਲੋਂ ਪਹਿਲਾਂ ਪਾਰਕ ਵਿੱਚ ਵਪਾਰਕ ਝੂਲੇ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਤਰਾਜ਼ ਜਤਾਇਆ ਕਿ ਪਾਰਕ ਵਿੱਚ ਵਪਾਰਕ ਝੂਲੇ ਨਹੀਂ ਲੱਗਣੇ ਚਾਹੀਦੇ। ਵਿਰੋਧ ਦੇ ਬਾਵਜੂਦ ਤਹਿਬਾਜ਼ਾਰੀ ਵਿਭਾਗ ਵੱਲੋਂ ਝੂਲੇ ਲਗਾਉਣ ਦੀ ਮਨਜ਼ੂਰੀ ਦੇਣ ਦੀ ਕਾਰਵਾਈ ’ਤੇ ਸਵਾਲ ਉੱਠੇ ਤੇ ਨਿਗਮ ਦੇ ਤਹਿਬਾਜਾਰੀ ਵਿਭਾਗ ਵੱਲੋਂ ਗਲਤੀ ਮੰਨਦਿਆਂ ਮਨਜੂਰੀ ਰੱਦ ਕਰ ਦਿੱਤੀ ਗਈ। ਮੇਅਰ, ਕੌਂਸਲਰ, ਵਾਰਡ ਪ੍ਰਧਾਨ ’ਤੇ ਪਰਚੇ ਦੀ ਕੀਤੀ ਮੰਗ ਸ਼ਿਕਾਇਤਕਰਤਾ ਰਜਨੀਸ਼ ਗੁਪਤਾ ਵੱਲੋਂ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਝੂਲੇ ਲਗਾਉਣ ਦੌਰਾਨ ਪਾਰਕ ਦੇ ਗੇਟ, ਫੁੱਟਪਾਥ ਅਤੇ ਫੁਹਾਰੇ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਪਾਰਕ ਵਿੱਚ ਲੱਗੇ ਦਰੱਖਤਾਂ ਦੀ ਕਟਾਈ ਅਤੇ ਘਾਹ ਉਖਾੜਨ ਦੇ ਵੀ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕੱਟੇ ਗਏ ਦਰੱਖਤ ਕਈ ਸਾਲ ਪੁਰਾਣੇ ਸਨ ਅਤੇ ਇਸ ਸੰਬੰਧੀ ਤਸਵੀਰਾਂ ਵੀ ਸ਼ਿਕਾਇਤ ਨਾਲ ਨੱਥੀ ਕੀਤੀਆਂ ਗਈਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਨਗਰ ਨਿਗਮ ਖ਼ਿਲਾਫ਼ ਰੋਸ ਵੱਧ ਗਿਆ। ਇਸੇ ਮਾਮਲੇ ਵਿੱਚ ਰਜਨੀਸ਼ ਗੁਪਤਾ ਵੱਲੋਂ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਨਗਰ ਨਿਗਮ ਕਮਿਸ਼ਨਰ, ਮੇਅਰ ਵਿਨੀਤ ਧੀਰ, ਵਾਰਡ ਨੰਬਰ 78 ਦੇ ਕੌਂਸਲਰ ਦੀਪਕ ਸ਼ਾਰਦਾ ਅਤੇ ‘ਆਪ’ ਵਾਰਡ ਪ੍ਰਧਾਨ ਗੌਰਵ ਕਨੋਜੀਆ ਉਰਫ਼ ਗੋਰਾ ਖ਼ਿਲਾਫ਼ ਜਾਂਚ ਅਤੇ ਐੱਫਆਈਆਰ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਵਿੱਚ ਸਰਕਾਰੀ ਜਾਇਦਾਦ ਨੂੰ ਨੁਕਸਾਨ, ਦਰੱਖਤਾਂ ਦੀ ਕਟਾਈ, ਕਥਿਤ ਵਪਾਰਕ ਗਤੀਵਿਧੀਆਂ ਅਤੇ ਨਿਗਮ ਦੇ ਫੰਡਾਂ ਨਾਲ ਸੰਬੰਧਤ ਦੋਸ਼ ਲਗਾਏ ਗਏ ਹਨ। ਬਾਵਾ ਹੈਨਰੀ ਨੇ ਚੁੱਕਿਆ ਮੁੱਦਾ ਮਾਮਲਾ ਜਲੰਧਰ ਨਾਰਥ ਦੇ ਵਿਧਾਇਕ ਬਾਵਾ ਹੈਨਰੀ ਕੋਲ ਪਹੁੰਚਿਆ ਤਾਂ ਉਨ੍ਹਾਂ ਤਹਿਬਾਜ਼ਾਰੀ ਵਿਭਾਗ ਦੀ ਕਾਰਵਾਈ ’ਤੇ ਸਵਾਲ ਚੁੱਕੇ ਅਤੇ ਜਵਾਬਤਲਬੀ ਕੀਤੀ। ਹੈਨਰੀ ਕਿਹਾ ਕਿ ਚਿਲਡਰਨ ਪਾਰਕ ਵਿੱਚ ਵਪਾਰਕ ਝੂਲੇ ਨਹੀਂ ਲੱਗਣੇ ਚਾਹੀਦੇ। ਇਸ ਤੋਂ ਬਾਅਦ ਨਿਗਮ ਵੱਲੋਂ ਕਿਹਾ ਗਿਆ ਕਿ ਵੱਡੇ ਝੂਲਿਆਂ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ, ਸਗੋਂ ਛੋਟੇ ਬੱਚਿਆਂ ਵਾਲੇ ਝੂਲਿਆਂ ਲਈ ਮਨਜ਼ੂਰੀ ਦਿੱਤੀ ਗਈ ਸੀ। ਨਿਗਮ ਨੇ ਇਹ ਵੀ ਕਿਹਾ ਕਿ ਛੋਟੇ ਝੂਲਿਆਂ ਦੀ ਮਨਜ਼ੂਰੀ ਦੇਣਾ ਵੀ ਗਲਤ ਸੀ ਅਤੇ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਮਨਜ਼ੂਰੀ ਰੱਦ ਹੋਈ ਸੀ, ਫਿਰ ਦੂਜੀ ਪਾਰਟੀ ਨੂੰ ਇਜਾਜ਼ਤ ਕਿਵੇਂ ਇੱਥੇ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ ਕਿ ਝੂਲੇ ਹਟਾਉਣ ਦੀ ਕਾਰਵਾਈ ਕਰਨ ਦੀ ਬਜਾਏ ਮੰਗਲਵਾਰ ਨੂੰ ਦੂਜੀ ਪਾਰਟੀ ਨੂੰ ਮੁੜ ਝੂਲੇ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ। ਓਧਰ ਵਿਧਾਇਕ ਬਾਵਾ ਹੈਨਰੀ ਨੇ ਮੰਗਲਵਾਰ ਵਾਲੀ ਮਨਜ਼ੂਰੀ ਨੂੰ ਲੈ ਕੇ ਮੇਅਰ ਵਿਨੀਤ ਧੀਰ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਨਜ਼ੂਰੀ ਵਿੱਚ ਮੇਅਰ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਇਹ ਸਪੱਸ਼ਟ ਕਰਨਾ ਜ਼ਰੂਰੀ ਹੋਵੇਗਾ ਕਿ ਮੰਗਲਵਾਰ ਵਾਲੀ ਮਨਜ਼ੂਰੀ ਕਿਸ ਅਧਿਕਾਰੀ ਨੇ ਜਾਰੀ ਕੀਤੀ, ਕਿਹੜੀਆਂ ਸ਼ਰਤਾਂ ’ਤੇ ਜਾਰੀ ਹੋਈ ਅਤੇ ਇਸ ਵਿੱਚ ਮੇਅਰ ਦੀ ਕੀ ਭੂਮਿਕਾ ਸੀ। ਓਧਰ ਬਾਵਾ ਹੈਨਰੀ ਨੇ ਮਾਮਲੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਕੋਲ ਲਿਜਾਣ ਦੀ ਗੱਲ ਕਹੀ ਹੈ।