- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਗਟ ਸਿੰਘ ਦੀ ਆਦਮਪੁਰ ਫੇਰੀ ਨੇ ਕਾਂਗਰਸੀਆਂ ’ਚ ਭਰਿਆ ਨਵਾਂ ਜੋਸ਼, ਭੱਟੀਆਂ ਵਿਖੇ ਹੋਇਆ ਵਿਸ਼ਾਲ ਇਕੱਠ

-ਵਿਧਾਇਕ ਕੋਟਲੀ ਦੀ ਅਗਵਾਈ ਹੇਠ ਕਾਂਗਰਸ ਨੇ ਦਿਖਾਈ ਸਿਆਸੀ ਤਾਕਤ
-ਗੁੱਜਰ ਭਾਈਚਾਰੇ ਸਮੇਤ ਸੈਂਕੜੇ ਲੋਕ ਕਾਂਗਰਸ ’ਚ ਸ਼ਾਮਲ
ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਹਲਕਾ ਆਦਮਪੁਰ ਦੇ ਪਿੰਡ ਭੱਟੀਆਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਦੀ ਫੇਰੀ ਦੌਰਾਨ ਜਸਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਵਿਸ਼ਾਲ ਇਕੱਠ ਹੋਇਆ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਵੱਡੀ ਸ਼ਮੂਲੀਅਤ ਨੇ ਹਲਕੇ ’ਚ ਕਾਂਗਰਸ ਦੀ ਸਿਆਸੀ ਸਰਗਰਮੀ ਨੂੰ ਨਵੀਂ ਮਜ਼ਬੂਤੀ ਦਿੱਤੀ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਸਰਕਾਰ ਬਣਾਈ ਸੀ ਪਰ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ, ਨੌਜਵਾਨਾਂ ਦੇ ਰੁਜ਼ਗਾਰ, ਕਿਸਾਨਾਂ ਦੀਆਂ ਸਮੱਸਿਆਵਾਂ, ਵਪਾਰੀਆਂ ਦੀਆਂ ਮੁਸ਼ਕਲਾਂ ਤੇ ਆਰਥਿਕ ਸਥਿਤੀ ਵਰਗੇ ਅਹਿਮ ਮੁੱਦਿਆਂ 'ਤੇ ਸਰਕਾਰ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਪੰਜਾਬ ਨੂੰ ਇਸ਼ਤਿਹਾਰਾਂ ਦੀ ਨਹੀਂ, ਸਗੋਂ ਠੋਸ ਨੀਤੀਆਂ ਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੀ ਸਰਕਾਰ ਦੀ ਲੋੜ ਹੈ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਕਾਂਗਰਸੀ ਵਰਕਰ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰੀ ਤਰ੍ਹਾਂ ਇਕਜੁੱਟ ਹਨ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਦਾ ਮਾਣ-ਸਤਿਕਾਰ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਤੇ ਉਹ ਪਹਿਲਾਂ ਦੀ ਤਰ੍ਹਾਂ ਹਲਕੇ ਦੀ ਸੇਵਾ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਦੌਰਾਨ ਪਰਗਟ ਸਿੰਘ ਵੱਲੋਂ ਸੁਖਚੈਨ ਸਿੰਘ ਸਾਬਕਾ ਸਰਪੰਚ ਖਰਲਾਂ ਤੇ ਆਲਮਦੀਨ ਤੇ ਸਲੀਮ ਦੀ ਅਗਵਾਈ ਹੇਠ ਗੁੱਜਰ ਭਾਈਚਾਰੇ ਦੇ ਸੈਂਕੜੇ ਲੋਕਾਂ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਕਰਵਾਇਆ ਗਿਆ। ਇਸ ਨੂੰ ਪਾਰਟੀ ਲਈ ਅਹਿਮ ਸਿਆਸੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਅਸ਼ਵਨ ਭੱਲਾ, ਸਤਨਾਮ ਸਿੰਘ ਸਾਬੀ ਮੋਗਾ ਵਾਈਸ ਪ੍ਰਧਾਨ ਜਲੰਧਰ ਦਿਹਾਤੀ, ਪਰਮਿੰਦਰ ਸਿੰਘ ਮੱਲ੍ਹੀ, ਸਰਬਜੀਤ ਸਿੰਘ ਭਟਨੂਰਾ, ਜਤਿੰਦਰ ਸਿੰਘ ਚਮਿਆਰੀ, ਵਿਸ਼ਾਲ ਬਹਿਲ ਸ਼ਹਿਰੀ ਪ੍ਰਧਾਨ ਭੋਗਪੁਰ, ਜਸਪ੍ਰੀਤ ਸਿੰਘ ਵਰਕਿੰਗ ਪ੍ਰਧਾਨ ਬਲਾਕ ਭੋਗਪੁਰ, ਲਖਵੀਰ ਸਿੰਘ ਲੱਕੀ ਕੋਟਲੀ, ਰਾਕੇਸ਼ ਮਹਿਤਾ, ਜਸਵੀਰ ਸਿੰਘ ਸੈਣੀ, ਜ਼ੋਰਾਵਰ ਸਿੰਘ ਸੰਘਵਾਲ, ਜਗਦੀਪ ਢੱਡਾ, ਸਤਨਾਮ ਸੋਨੂੰ, ਅਵਤਾਰ ਕੋਹਜਾ, ਮਲਕੀਤ ਸਿੰਘ ਲਾਲੀ ਨਿਜ਼ਾਮਦੀਨਪੁਰ, ਰਣਦੀਪ ਸਿੰਘ ਰਾਣਾ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।