'ਸੁਪਰ ਸੀਐੱਮ' ਨੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ : ਪਰਗਟ ਸਿੰਘ
ਰਾਘਵ ਚੱਢਾ ਮੁੱਦੇ 'ਤੇ ਪਰਗਟ ਸਿੰਘ ਦਾ ਵਿਅੰਗ
Publish Date: Fri, 03 Apr 2026 09:21 PM (IST)
Updated Date: Fri, 03 Apr 2026 09:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਰਾਘਵ ਚੱਢਾ ਨੂੰ ਪਹਿਲਾਂ ਸੁਪਰ ਸੀਐੱਮ ਬਣਾਇਆ ਗਿਆ ਸੀ ਤੇ ਪੂਰੇ ਪੰਜਾਬ ’ਚ ਪਰੇਡ ਕੀਤੀ ਗਈ ਸੀ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਲਗਪਗ ਦੋ ਸਾਲਾਂ ਤੱਕ ਪੰਜਾਬ ਦੀ ਰਾਜਨੀਤੀ ’ਚ ਸਭ ਤੋਂ ਅੱਗੇ ਰੱਖਿਆ ਪਰ ਉਸ ਸਮੇਂ ਦੌਰਾਨ ਕਦੇ ਵੀ ਰਾਜ ਸਭਾ ’ਚ ਪੰਜਾਬ ਦੇ ਅਸਲ ਮੁੱਦੇ ਨਹੀਂ ਉਠਾਏ। ਉਹ ਸਮੋਸੇ ਤੇ ਚਾਹ ਵਰਗੇ ਮੁੱਦਿਆਂ ’ਚ ਰੁੱਝੇ ਰਹੇ। ਜੇਕਰ 'ਆਪ' ਨੇ ਪੰਜਾਬ ਤੋਂ ਇਕ ਚੰਗੇ ਨੇਤਾ ਨੂੰ ਰਾਜ ਸਭਾ ’ਚ ਭੇਜਿਆ ਹੁੰਦਾ ਤਾਂ ਉਹ ਘੱਟੋ-ਘੱਟ ਉੱਥੇ ਪੰਜਾਬ ਦੇ ਮੁੱਦੇ ਤਾਂ ਉਠਾਉਂਦੇ। ਹੁਣ ਜਦੋਂ ਹਾਲਾਤ ਬਦਲ ਗਏ ਹਨ ਆਮ ਆਦਮੀ ਪਾਰਟੀ ਖੁਦ ਆਪਣੇ ਹੀ ਆਗੂਆਂ ਨੂੰ ਚੁੱਪ ਕਰਵਾ ਰਹੀ ਹੈ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੋ ਸਕਦਾ ਹੈ ਪਰ ਕੋਈ ਵੀ ਆਗੂ ਜੋ ਥੋੜ੍ਹਾ ਜਿਹਾ ਵੀ ਮਜ਼ਬੂਤ ਹੈ ਜਾਂ ਤਾਂ ਉਸ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਜਾਂ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸੇ ਵੀ ਆਗੂ ਨੂੰ ਬਾਹਰ ਕੱਢਣ ਦਾ ਇਤਿਹਾਸ ਰਿਹਾ ਹੈ ਜੋ ਪਾਰਟੀ ਦੇ ਅੰਦਰ ਸਵਾਲ ਉਠਾਉਂਦਾ ਹੈ।
ਪਰਗਟ ਸਿੰਘ ਨੇ ਭਾਜਪਾ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਗਏ ਹਨ ਕਿ ਭਾਜਪਾ ਤੇ ਇਸ ਦੀ ਬੀ-ਟੀਮ ਆਮ ਆਦਮੀ ਪਾਰਟੀ ਵਿਚਕਾਰ ਅੰਦਰੂਨੀ ਤਾਲਮੇਲ ਹੈ। ਦੋਵੇਂ ਪਾਰਟੀਆਂ ਇਕ ਦੂਜੇ ਨੂੰ ਲਾਭ ਪਹੁੰਚਾਉਣ ਲਈ ਕੰਮ ਕਰਦੀਆਂ ਹਨ। ਆਮ ਆਦਮੀ ਪਾਰਟੀ ਤੇ ਭਾਜਪਾ ਦੋਵੇਂ ਹੀ ਪੰਜਾਬ ਦੇ ਅਸਲ ਮੁੱਦਿਆਂ ਜਿਵੇਂ ਕਿ ਕਿਸਾਨਾਂ ਦੀ ਦੁਰਦਸ਼ਾ, ਨੌਜਵਾਨਾਂ ’ਚ ਬੇਰੁਜ਼ਗਾਰੀ, ਉਦਯੋਗਾਂ ਦਾ ਪ੍ਰਵਾਸ ਤੇ ਵਿਗੜਦੀ ਕਾਨੂੰਨ ਵਿਵਸਥਾ 'ਤੇ ਚੁੱਪ ਹਨ।