ਪੰਜਾਬ ਨੂੰ ਲੁੱਟਣ ’ਚ ਲੱਗੇ ਦਿੱਲੀ ਦੇ ਲੁਟੇਰੇ : ਪਰਗਟ ਸਿੰਘ ਪੰਜਾਬ ਨੂੰ ਲੁੱਟਣ ਵਿੱਚ ਲੱਗੇ ਦਿੱਲੀ ਦੇ ਲੁਟੇਰੇ - ਪਰਗਟ ਸਿੰਘ
Publish Date: Sat, 24 Oct 2026 08:46 PM (IST)
Updated Date: Sun, 25 Oct 2026 04:04 AM (IST)
ਪੰਜਾਬ ਵਿਚ ਝੋਨੇ ਦੀ ਖ਼ਰੀਦ ’ਚ 4,000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਕੁੱਕੜ ਪਿੰਡ ਦੀ ਦਾਣਾ ਮੰਡੀ ਦਾ ਕੀਤਾ ਦੌਰਾ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਧਿਕਾਰੀਆਂ ਨੂੰ ਫ਼ੋਨ ’ਤੇ ਲਾਈ ਫਟਕਾਰ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਪਿੰਡ ਕੁੱਕੜ ਪਿੰਡ ਸਥਿਤ ਦਾਣਾ ਮੰਡੀ ਦਾ ਦੌਰਾ ਕਰ ਕੇ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਝੋਨੇ ਦੀ ਖ਼ਰੀਦ ’ਚ ਕਰੀਬ 4,000 ਕਰੋੜ ਰੁਪਏ ਦੇ ਘਪਲੇ ਦਾ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਤੋਂ ਆਏ ਲੁਟੇਰੇ ਪੰਜਾਬ ਨੂੰ ਲੁੱਟਣ ’ਚ ਲੱਗੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਸ਼ੈਲਰਾਂ ਤੇ ਨਿੱਜੀ ਏਜੰਸੀਆਂ ਨਾਲ ਪ੍ਰਤੀ ਬੋਰੀ 200 ਰੁਪਏ ਦਾ ਕਥਿਤ ਸੌਦਾ ਕੀਤਾ ਹੈ। ਸਰਕਾਰ ਵੱਲੋਂ ਸਮੇਂ ਸਿਰ ਕੋਈ ਠੋਸ ਅਗਾਊਂ ਯੋਜਨਾਬੰਦੀ ਨਾ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਮੰਡੀਆਂ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ’ਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪਰਗਟ ਸਿੰਘ ਨੇ ਮੌਕੇ ’ਤੇ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਫ਼ੋਨ ਕੀਤਾ ਤੇ ਖ਼ਰੀਦ ਤੇ ਲਿਫ਼ਟਿੰਗ ’ਚ ਹੋ ਰਹੀ ਦੇਰੀ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤ ’ਚ ਵੱਡਾ ਅੰਤਰ ਹੈ। ਮੰਡੀਆਂ ’ਚ ਝੋਨੇ ਦੀ ਆਮਦ ਅਨੁਸਾਰ ਖ਼ਰੀਦ ਤੇ ਲਿਫ਼ਟਿੰਗ ਦੇ ਪ੍ਰਬੰਧ ਨਹੀਂ ਕੀਤੇ ਗਏ, ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀਆਂ ’ਚ ਲਿਫ਼ਟਿੰਗ ਦੀ ਜ਼ਿੰਮੇਵਾਰੀ ਸੁਚੱਜੇ ਢੰਗ ਨਾਲ ਨਿਭਾਉਣ ਦੀ ਬਜਾਏ ਸਰਕਾਰ ਨੇ ਇੱਕ ਚਹੇਤੇ ਸ਼ੈਲਰ ਨੂੰ ਠੇਕਾ ਦੇ ਦਿੱਤਾ ਹੈ, ਜਿਸ ਕਾਰਨ ਮਨਮਾਨੀ ਦੀ ਸਥਿਤੀ ਪੈਦਾ ਹੋ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਖ਼ਰੀਦ ਤੇ ਲਿਫ਼ਟਿੰਗ ਲਈ ਢੁੱਕਵੇਂ ਪ੍ਰਬੰਧਾਂ ਦੀ ਲੋੜ ਸੀ ਤਾਂ ਸਰਕਾਰ ਨੇ ਸਿਰਫ਼ ਇੱਕ ਏਜੰਸੀ ’ਤੇ ਨਿਰਭਰ ਰਹਿਣ ਦਾ ਫ਼ੈਸਲਾ ਕਿਉਂ ਕੀਤਾ? ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਅਜਿਹੇ ਪ੍ਰਬੰਧਾਂ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਰਹੀ ਹੈ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਬੇਵਜ੍ਹਾ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਝੋਨੇ ਦੀ ਖ਼ਰੀਦ ਬੰਦ ਕੀਤੇ ਜਾਣ ਸਬੰਧੀ ਸਵਾਲ ’ਤੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ’ਚ ਕਰੀਬ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਹੈ, ਜਦੋਂ ਖ਼ਰੀਦ ਦਾ ਟੀਚਾ ਅਜੇ ਪੂਰਾ ਨਹੀਂ ਹੋਇਆ ਤਾਂ ਕਿਸਾਨਾਂ ਨੂੰ ਖ਼ਰੀਦ ਬੰਦ ਹੋਣ ਦੀ ਗੱਲ ਕਹਿ ਕੇ ਪਰੇਸ਼ਾਨ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਸਰਕਾਰ ਦੀ ਨਾਕਾਮੀ ਤੇ ਦੂਰਅੰਦੇਸ਼ੀ ਯੋਜਨਾਬੰਦੀ ਦੀ ਘਾਟ ਨੂੰ ਉਜਾਗਰ ਕਰਦੀ ਹੈ। ਇਸ ਮੌਕੇ ਕੁੱਕੜ ਪਿੰਡ ਦੇ ਸਰਪੰਚ ਜਗਰਾਜ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ, ਸੁਖਬੀਰ ਸਿੰਘ, ਕੁਲਵਿੰਦਰ ਸਿੰਘ ਕਾਕਾ, ਬਲਵਿੰਦਰ ਸਿੰਘ ਬਿੱਲਾ, ਕੌਂਸਲਰ ਪਵਨ ਕੁਮਾਰ, ਸਾਬਕਾ ਕੌਂਸਲਰ ਪ੍ਰਭਦਿਆਲ ਭਗਤ, ਮਨਮੋਹਨ ਸਿੰਘ ਸਮੇਤ ਹੋਰ ਕਿਸਾਨ ਤੇ ਕਾਂਗਰਸੀ ਆਗੂ ਮੌਜੂਦ ਸਨ।