ਛੱਪੜ 'ਚੋਂ ਕੱਢੀ ਮਿੱਟੀ ਮਾਮਲੇ ਦੀ ਜਾਂਚ ਲਈ ਪੁੱਜੇ ਪੰਚਾਇਤ ਵਿਭਾਗ ਦੇ ਅਧਿਕਾਰੀ ਪਿੰਡ ਸਿਕੰਦਰਪੁਰ ਦੇ ਛੱਪੜ 'ਚੋਂ ਕੱਢੀ ਮਿੱਟੀ ਮਾਮਲੇ ਦੀ ਜਾਂਚ ਲਈ ਪੰਚਾਇਤ ਵਿਭਾਗ ਦੇ ਅਧਿਕਾਰੀ ਪਹੁੰਚੇ
Publish Date: Wed, 22 Jul 2026 09:38 PM (IST)
Updated Date: Wed, 22 Jul 2026 09:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਸਿਕੰਦਰਪੁਰ ਵਿਖੇ ਛੱਪੜ ਦੀ ਸਫ਼ਾਈ ਦੌਰਾਨ ਕੱਢੀ ਗਈ ਮਿੱਟੀ ਸਬੰਧੀ ਲੱਗੇ ਦੋਸ਼ਾਂ ਦੀ ਜਾਂਚ ਲਈ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼ਸ਼ੀ ਕੁਮਾਰ ਸ਼ਰਮਾ, ਬੀਡੀਪੀਓ ਆਦਮਪੁਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਪੰਚਾਇਤ ਸੈਕਟਰੀ ਕਸ਼ਮੀਰ ਸਿੰਘ ਮੌਕੇ ਤੇ ਪਹੁੰਚੇ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਵੱਲੋਂ ਛੱਪੜ ਦੀ ਸਫ਼ਾਈ ਦੌਰਾਨ ਕੱਢੀ ਗਈ ਮਿੱਟੀ ਦੀਆਂ ਸੈਂਕੜਿਆਂ ਟਰਾਲੀਆਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਸਬੰਧੀ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਸਰਪੰਚ ਪ੍ਰਿਤਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਵੱਲੋਂ ਅਧਿਕਾਰੀਆਂ ਨੂੰ ਉਹ ਸਥਾਨ ਦਿਖਾਏ ਗਏ, ਜਿੱਥੇ ਉਨ੍ਹਾਂ ਅਨੁਸਾਰ ਛੱਪੜ ਵਿੱਚੋਂ ਕੱਢੀ ਗਈ ਮਿੱਟੀ ਪੰਚਾਇਤੀ ਜ਼ਮੀਨ, ਪਿੰਡ ਦੇ ਰਸਤਿਆਂ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਾਈ ਗਈ ਹੈ। ਸ਼ਿਕਾਇਤਕਰਤਾ ਧਿਰ ਦੇ ਪੰਚਾਇਤ ਮੈਂਬਰ ਸਰਬਜੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਮਿੱਟੀ ਪਾਏ ਜਾਣ ਦੀ ਪੁਸ਼ਟੀ ਤਾਂ ਹੁੰਦੀ ਹੈ, ਪਰ ਕਿੰਨੀਆਂ ਟਰਾਲੀਆਂ ਮਿੱਟੀ ਪਾਈ ਗਈ ਹੈ, ਇਸ ਸਬੰਧੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਦੀ ਮੰਗ ਕੀਤੀ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਧਿਰ ਨੂੰ ਭਰੋਸਾ ਦਿੱਤਾ ਕਿ ਤਕਨੀਕੀ ਅਧਿਕਾਰੀਆਂ ਵੱਲੋਂ ਮਿੱਟੀ ਦੇ ਸੈਂਪਲ ਲੈ ਕੇ ਤੇ ਮਿੱਟੀ ਦੀ ਮਾਤਰਾ ਸਬੰਧੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਛੱਪੜ ਵਿੱਚੋਂ ਕੱਢੀ ਗਈ ਮਿੱਟੀ ਪੰਚਾਇਤੀ ਜ਼ਮੀਨ, ਪੰਚਾਇਤੀ ਰਸਤਿਆਂ ਅਤੇ ਸਕੂਲ ਵਿੱਚ ਵਰਤੀ ਗਈ ਹੈ। ਉਨ੍ਹਾਂ ਵੱਲੋਂ ਸਾਰੀ ਸਥਿਤੀ ਅਧਿਕਾਰੀਆਂ ਨੂੰ ਮੌਕੇ ਤੇ ਦਿਖਾ ਦਿੱਤੀ ਗਈ ਹੈ। ਇਸ ਮਾਮਲੇ ਨਾਲ ਸਬੰਧਤ ਪੰਚਾਇਤ ਵਿਭਾਗ ਦੇ ਜੇਈ ਆਰੀਅਨ ਅਤੇ ਸਾਬਕਾ ਪੰਚਾਇਤ ਸੈਕਟਰੀ ਜਸਵਿੰਦਰ ਸਿੰਘ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਸੀ ਪਰ ਉਹ ਹਾਜ਼ਰ ਨਹੀਂ ਹੋਏ। ਉਧਰ, ਪੰਚਾਇਤ ਮੈਂਬਰ ਸਰਬਜੀਤ ਸਿੰਘ, ਚਰਨਜੀਤ ਸਿੰਘ ਅਤੇ ਗੁਰਪਿੰਦਰ ਸਿੰਘ ਚੀਮਾ ਨੇ ਸਰਪੰਚ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਛੱਪੜ ਦੀ ਸਫ਼ਾਈ ਲਈ ਤਿਆਰ ਕੀਤਾ ਗਿਆ ਐਸਟੀਮੇਟ ਕਰੀਬ 8 ਲੱਖ ਰੁਪਏ ਦਾ ਸੀ, ਜਦਕਿ ਖਰਚ 21-22 ਲੱਖ ਰੁਪਏ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ।