- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੁੱਟੀਆਂ ਮਗਰੋਂ ਰਜਿਸਟਰੀਆਂ ਦੀ ਰਫ਼ਤਾਰ ਨੂੰ ਲੱਗੀ ਬ੍ਰੇਕ

-ਤਿੰਨ ਛੁੱਟੀਆਂ ਮਗਰੋਂ ਵੀ ਐੱਸਆਰ ਦਫਤਰਾਂ ’ਚ ਕੰਮ ਦੀ ਰਫ਼ਤਾਰ ਸੁਸਤ
-ਸਬ ਰਜਿਸਟਰਾਰ-2 ’ਚ ਅਧਿਕਾਰੀ ਦੀ ਉਡੀਕ ਕਰਦੇ ਰਹੇ ਲੋਕ!
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਤਿਉਹਾਰਾਂ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਵਿੱਚ ਲਗਾਤਾਰ ਤਿੰਨ ਛੁੱਟੀਆਂ ਹੋਣ ਤੋਂ ਬਾਅਦ ਮੰਗਲਵਾਰ ਨੂੰ ਜਦੋਂ ਸਬ ਰਜਿਸਟਰਾਰ ਦਫਤਰ ਖੁੱਲ੍ਹੇ ਤਾਂ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਲੰਬੇ ਵਕਫੇ ਤੋਂ ਬਾਅਦ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ ਦਰਜ ਕਰਵਾਉਣ ਲਈ ਭਾਰੀ ਭੀੜ ਰਹੇਗੀ। ਆਮ ਦਿਨਾਂ ਨਾਲੋਂ ਕੰਮ ਦਾ ਦਬਾਅ ਵੀ ਵਧਣ ਦੀ ਸੰਭਾਵਨਾ ਸੀ ਕਿਉਂਕਿ ਤਿੰਨ ਦਿਨਾਂ ਦੀਆਂ ਛੁੱਟੀਆਂ ਕਾਰਨ ਕਈ ਲੋਕਾਂ ਦੇ ਕੰਮ ਪੈਂਡਿੰਗ ਪਏ ਸਨ ਪਰ ਇਸ ਦੇ ਉਲਟ ਦੋਵਾਂ ਸਬ ਰਜਿਸਟਰਾਰ ਦਫਤਰਾਂ ਵਿੱਚ ਕੰਮ ਦੀ ਰਫ਼ਤਾਰ ਉਮੀਦਾਂ ਦੇ ਬਿਲਕੁਲ ਉਲਟ ਰਹੀ। ਛੁੱਟੀਆਂ ਤੋਂ ਬਾਅਦ ਵੀ ਦਸਤਾਵੇਜ਼ ਦਰਜ ਕਰਵਾਉਣ ਦਾ ਅੰਕੜਾ ਵਧਣ ਦੀ ਬਜਾਏ ਆਮ ਦਿਨਾਂ ਨਾਲੋਂ ਘੱਟ ਦੇਖਣ ਨੂੰ ਮਿਲਿਆ।
ਐੱਸਆਰ-2 ਵਿੱਚ 9 ਅਪਾਇੰਟਮੈਂਟਾਂ ਕੈਂਸਲ
ਇਸ ਦੌਰਾਨ ਸਬ ਰਜਿਸਟਰਾਰ ਦਫਤਰ-2 ਵਿੱਚ ਇੱਕ ਹੋਰ ਅਜਿਹੀ ਸਥਿਤੀ ਸਾਹਮਣੇ ਆਈ, ਜਿਸ ਕਾਰਨ ਅਪਾਇੰਟਮੈਂਟ ਲੈ ਕੇ ਦਫਤਰ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ। ਇੱਥੇ ਜੁਆਇੰਟ ਸਬ ਰਜਿਸਟਰਾਰ ਰਵਨੀਤ ਕੌਰ ਦੁਪਹਿਰ ਕਰੀਬ 1 ਵਜੇ ਦਫਤਰ ਪਹੁੰਚੇ। ਉਨ੍ਹਾਂ ਦੀ ਗੈਰ-ਮੌਜੂਦਗੀ ਕਾਰਨ ਦੁਪਹਿਰ 1 ਵਜੇ ਤੋਂ ਪਹਿਲਾਂ ਵਾਲੀਆਂ ਤਕਰੀਬਨ 9 ਅਪਾਇੰਟਮੈਂਟਾਂ ਰੱਦ ਹੋ ਗਈਆਂ। ਇਨ੍ਹਾਂ ਅਪਾਇੰਟਮੈਂਟਾਂ ਤਹਿਤ ਆਪਣੇ ਜ਼ਰੂਰੀ ਦਸਤਾਵੇਜ਼ ਦਰਜ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ। ਸਵਾਲ ਇਹ ਹੈ ਕਿ ਜਦੋਂ ਲੋਕ ਪਹਿਲਾਂ ਤੋਂ ਹੀ ਅਪਾਇੰਟਮੈਂਟ ਲੈ ਕੇ ਸਰਕਾਰੀ ਦਫਤਰ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਵਾਉਣ ਲਈ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ।
---
75 ਅਪਾਇੰਟਮੈਂਟਾਂ ਵਿੱਚੋਂ 68 ਦਸਤਾਵੇਜ਼ ਦਰਜ
ਸਬ ਰਜਿਸਟਰਾਰ ਦਫਤਰ-1 ਵਿੱਚ ਮੰਗਲਵਾਰ ਨੂੰ ਕੁੱਲ 75 ਅਪਾਇੰਟਮੈਂਟਾਂ ਸਨ, ਜਿਨ੍ਹਾਂ ਵਿੱਚੋਂ ਸਿਰਫ 68 ਦਸਤਾਵੇਜ਼ ਹੀ ਦਰਜ ਹੋ ਸਕੇ ਕਿਉਂਕਿ ਇੰਨੇ ਲੋਕ ਹੀ ਦਫਤਰ ਕੰਮ ਲਈ ਪੁੱਜੇ ਸਨ। ਦੂਜੇ ਪਾਸੇ ਸਬ ਰਜਿਸਟਰਾਰ ਦਫਤਰ-2 ਵਿੱਚ ਕੁੱਲ 52 ਦਸਤਾਵੇਜ਼ ਦਰਜ ਕੀਤੇ ਗਏ। ਇਨ੍ਹਾਂ ਵਿੱਚ 40 ਰਜਿਸਟਰੀਆਂ, ਇਕ ਵਸੀਅਤ ਅਤੇ 11 ਅਟਾਰਨੀਆਂ ਸ਼ਾਮਲ ਸਨ। ਤਿੰਨ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਵੀ ਕੰਮ ਦਾ ਇਹ ਅੰਕੜਾ ਉਮੀਦ ਨਾਲੋਂ ਕਾਫੀ ਘੱਟ ਰਿਹਾ। ਦੋਵਾਂ ਦਫਤਰਾਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਛੁੱਟੀਆਂ ਤੋਂ ਬਾਅਦ ਕੰਮ ਵਿੱਚ ਕੋਈ ਖਾਸ ਤੇਜ਼ੀ ਨਹੀਂ ਆਈ। ਇਸ ਦੇ ਉਲਟ ਸਬ ਰਜਿਸਟਰਾਰ ਦਫਤਰ-2 ਵਿਚ ਅਧਿਕਾਰੀ ਦੀ ਦੇਰੀ ਨਾਲ ਆਮਦ ਕਾਰਨ 9 ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪਿਆ।
---
ਉਮੀਦ ਨਾਲੋਂ ਬਹੁਤ ਘੱਟ ਰਿਹਾ ਕੰਮ : ਸਿਮਰਨਜੀਤ ਕੌਰ
ਸਬ ਰਜਿਸਟਰਾਰ ਦਫਤਰ-1 ਦੀ ਸੀਨੀਅਰ ਰਜਿਸਟਰੀ ਕਲਰਕ ਸਿਮਰਨਜੀਤ ਕੌਰ ਨੇ ਦੱਸਿਆ ਕਿ ਤਿੰਨ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਕੰਮ ਸ਼ੁਰੂ ਹੋਇਆ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਆਮ ਦਿਨਾਂ ਦੇ ਮੁਕਾਬਲੇ ਕੰਮ ਕਾਫੀ ਵੱਧ ਹੋਵੇਗਾ, ਕਿਉਂਕਿ ਛੁੱਟੀਆਂ ਕਾਰਨ ਲੋਕਾਂ ਦੇ ਕੰਮ ਰੁਕੇ ਹੋਏ ਸਨ ਪਰ ਇਸ ਦੇ ਉਲਟ ਕੰਮ ਆਮ ਦਿਨਾਂ ਨਾਲੋਂ ਵੀ ਘੱਟ ਰਿਹਾ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੂਰੇ ਦਿਨ ਦੌਰਾਨ ਸਿਰਫ 68 ਦਸਤਾਵੇਜ਼ ਦਰਜ ਹੋਏ ਹੋਣ।
---
ਅਦਾਲਤੀ ਤਰੀਕ ਹੋਣ ਬਾਹਰ ਸੀ : ਰਵਨੀਤ ਕੌਰ
ਜੁਆਇੰਟ ਸਬ ਰਜਿਸਟਰਾਰ-2 ਰਵਨੀਤ ਕੌਰ ਨੇ ਕਿਹਾ ਕਿ ਮੰਗਲਵਾਰ ਨੂੰ ਫਿਲੌਰ ਵਿਖੇ ਅਦਾਲਤੀ ਤਰੀਕ ਹੋਣ ਕਾਰਨ ਉਹ ਦੁਪਹਿਰ ਤੱਕ ਦਫਤਰੋਂ ਬਾਹਰ ਸਨ। ਉਨ੍ਹਾਂ ਦੱਸਿਆ ਕਿ ਅਦਾਲਤੀ ਕੰਮ ਨਿਪਟਾਉਣ ਤੋਂ ਬਾਅਦ ਉਹ ਦੁਪਹਿਰ ਕਰੀਬ 1 ਵਜੇ ਦਫਤਰ ਪਹੁੰਚੇ ਅਤੇ ਇਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਂਝ ਵੀ ਲੋਕ ਕੰਮ ਕਰਵਾਉਣ ਲਈ ਕਾਫੀ ਘੱਟ ਗਿਣਤੀ ਵਿੱਚ ਪਹੁੰਚੇ ਸਨ। ਇਸ ਦੇ ਬਾਵਜੂਦ ਡਿਊਟੀ ਸਮੇਂ ਦੌਰਾਨ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ।