- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲੀਬਾਰੀ ਮਾਮਲੇ ’ਚ ਹੈਰਾਨ ਕਰਨ ਵਾਲਾ ਖੁਲਾਸ, ਘਰ ਦਾ ਮਾਲਕ ਹੀ ਨਿਕਲਿਆ ਸਾਜ਼ਿਸ਼ਕਰਤਾ

-ਚਾਰ ਵਿਅਕਤੀ ਗ੍ਰਿਫ਼ਤਾਰ, 50 ਗ੍ਰਾਮ ਹੈਰੋਇਨ ਬਰਾਮਦ
-ਰੰਜਿਸ਼ਨ ਅਮਰੀਕਾ ’ਚ ਬੈਠੇ ਦੋਸਤ ਨੇ ਕਰਵਾਈ ਸੀ ਗੋਲ਼ੀਬਾਰੀ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਗੁਰੂ ਨਾਨਕ ਨਗਰ ’ਚ ਕੁਝ ਦਿਨ ਪਹਿਲਾਂ ਵਾਪਰੀ ਗੋਲੀਬਾਰੀ ਦੀ ਘਟਨਾ ਨੇ ਇਕ ਨਵਾਂ ਮੋੜ ਲੈ ਲਿਆ ਹੈ। ਪੁਲਿਸ ਜਾਂਚ ’ਚ ਸ਼ਿਕਾਇਤਕਰਤਾ ਦੀ ਹੀ ਸ਼ੱਕੀ ਭੂਮਿਕਾ ਸਾਹਮਣੇ ਆਈ ਹੈ। ਉਸ ਨੇ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਸੂਚਨਾ ਦਿੱਤੀ ਸੀ। ਇਸ ਮਾਮਲੇ ’ਚ ਮੁਲਜ਼ਮ ਵਜੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਇਹ ਘਟਨਾ ਦੋ ਪੁਰਾਣੇ ਦੋਸਤਾਂ ਵਿਚਕਾਰ ਨਿੱਜੀ ਰੰਜਿਸ਼ ਦਾ ਨਤੀਜਾ ਹੈ। ਮੁੱਖ ਸ਼ਿਕਾਇਤਕਰਤਾ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਸਾਜ਼ਿਸ਼ ’ਚ ਸ਼ਾਮਲ ਇਕ ਹੋਰ ਵਿਅਕਤੀ ਦੀ ਭਾਲ ਜਾਰੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀਸੀਪੀ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਸੀ ਕਿ ਮੋਟਰਸਾਈਕਲ 'ਤੇ ਆਏ ਦੋ ਵਿਅਕਤੀਆਂ ਨੇ ਘਰ ਦੇ ਬਾਹਰ ਗੋਲੀਆਂ ਚਲਾਈਆਂ, ਜਿਸ ਦੌਰਾਨ ਲਗਭਗ 5 ਤੋਂ 6 ਰਾਊਂਡ ਫਾਇਰ ਕੀਤੇ ਗਏ। ਹਾਲਾਂਕਿ ਜਿਵੇਂ-ਜਿਵੇਂ ਪੁਲਿਸ ਨੇ ਜਾਂਚ ਅੱਗੇ ਵਧਾਈ, ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਤਾਂ ਸ਼ਿਕਾਇਤਕਰਤਾ ਦੇ ਬਿਆਨਾਂ ’ਚ ਵਿਰੋਧਾਭਾਸ ਸਾਹਮਣੇ ਆਏ।
---------------------------
ਅਮਰੀਕਾ ਤੋਂ ਰਚੀ ਗਈ ਸੀ ਹਮਲੇ ਦੀ ਸਾਜ਼ਿਸ਼
ਪੁਲਿਸ ਜਾਂਚ ਅਨੁਸਾਰ, ਸ਼ਿਕਾਇਤਕਰਤਾ ਸਾਹਿਲ ਤੇ ਉਸਦਾ ਸਾਥੀ, ਜਿਸ ਦਾ ਨਾਮ ਵੀ ਸਾਹਿਲ ਵਾਸੀ ਗੜ੍ਹਾ ਜੋ ਪਹਿਲਾਂ ਕਪੂਰਥਲਾ ਜੇਲ੍ਹ ’ਚ ਇਕੱਠੇ ਬੰਦ ਸਨ। ਸ਼ਿਕਾਇਤਕਰਤਾ ਸਾਹਿਲ ਇਕ ਕਤਲ ਦੇ ਮਾਮਲੇ ’ਚ ਜੇਲ੍ਹ ’ਚ ਸੀ, ਜਿਸ ਦੌਰਾਨ ਦੋਵਾਂ ਵਿਚਾਲੇ ਦੋਸਤੀ ਹੋ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਸਾਹਿਲ ਵਾਸੀ ਗੜ੍ਹਾ ਖ਼ਿਲਾਫ਼ ਪਹਿਲਾਂ ਵੀ ਚਾਰ ਅਪਰਾਧਿਕ ਮਾਮਲੇ ਦਰਜ ਹਨ ਤੇ ਉਹ ਇਸ ਸਮੇਂ ਅਮਰੀਕਾ ’ਚ ਰਹਿ ਰਿਹਾ ਹੈ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਕੁਝ ਸਮਾਂ ਪਹਿਲਾਂ ਦੋਵਾਂ ਦੋਸਤਾਂ ਵਿਚਕਾਰ ਕੋਈ ਵਿਵਾਦ ਹੋ ਗਿਆ ਸੀ, ਜੋ ਬਾਅਦ ’ਚ ਇਕ ਦੁਸ਼ਮਣੀ ’ਚ ਬਦਲ ਗਿਆ। ਪੁਲਿਸ ਅਨੁਸਾਰ, ਗੜ੍ਹਾ ਦਾ ਰਹਿਣ ਵਾਲਾ ਸਾਹਿਲ ਜੋ ਇਸ ਸਮੇਂ ਅਮਰੀਕਾ ’ਚ ਹੈ, ਨੇ ਇਸ ਪੁਰਾਣੀ ਰੰਜਿਸ਼ ਕਾਰਨ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸਾਹਿਲ ਨੂੰ ਨਿਸ਼ਾਨਾ ਬਣਾਉਣ ਲਈ ਕਿਰਾਏ ਦੇ ਹਮਲਾਵਰਾਂ ਰਾਹੀਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
----------------------------
ਸ਼ਿਕਾਇਤਕਰਤਾ ਕੋਲੋਂ ਹੈਰੋਇਨ ਤੇ ਡੱਰਗ ਮਨੀ ਬਰਾਮਦ
ਜਾਂਚ ਦੌਰਾਨ, ਪੁਲਿਸ ਨੂੰ ਇਸ ਮਾਮਲੇ ’ਚ ਸ਼ਿਕਾਇਤਕਰਤਾ ਸਾਹਿਲ ਦੀ ਸ਼ਮੂਲੀਅਤ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਤੇ 5,200 ਰੁਪਏ ਦੀ ਨਕਦੀ ਬਰਾਮਦ ਹੋਈ, ਜਿਸ ਬਾਰੇ ਸ਼ੱਕ ਹੈ ਕਿ ਇਹ ਨਸ਼ੇ ਦੀ ਕਮਾਈ ਹੈ। ਉਸ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21 ਤੇ 27-ਏ ਦੇ ਤਹਿਤ ਇਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।
---------------------------
ਤਿੰਨ ਹਮਲਾਵਰ ਗ੍ਰਿਫਤਾਰ, ਵਰਨਾ ਕਾਰ ਜ਼ਬਤ
ਡੀਸੀਪੀ ਮਨਪ੍ਰੀਤ ਸਿੰਘ ਢਿੱਲੋ ਅਨੁਸਾਰ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਕਥਿਤ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਇਕ ਕਾਰ ਵੀ ਜ਼ਬਤ ਕੀਤੀ ਗਈ ਹੈ, ਜਿਸਦੀ ਵਰਤੋਂ ਇਸ ਅਪਰਾਧ ਨੂੰ ਕਰਨ ਲਈ ਕੀਤੀ ਗਈ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸ਼ਨਦੀਪ ਸਿੰਘ, ਜਗਜੀਤ ਸਿੰਘ ਤੇ ਅਹਿੰਦਰ ਸਿੰਘ ਵਜੋਂ ਹੋਈ ਹੈ, ਜੋ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਨਾਲ ਗੋਲੀਬਾਰੀ ਦੀ ਘਟਨਾ ਦੇ ਕਈ ਅਹਿਮ ਪਹਿਲੂ ਸਾਹਮਣੇ ਆਏ ਹਨ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੱਟੀ, ਬਾਬਾ ਬਕਾਲਾ ਦਾ ਰਹਿਣ ਵਾਲਾ ਸਰਵਣ ਸਿੰਘ ਵੀ ਘਟਨਾ ਵਾਲੀ ਥਾਂ 'ਤੇ ਮੌਜੂਦ ਸੀ। ਉਹ ਫਿਲਹਾਲ ਫਰਾਰ ਹੈ ਤੇ ਪੁਲਿਸ ਦੀਆਂ ਟੀਮਾਂ ਉਸਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।