- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਬਣ ਰਹੀਆਂ ਹਾਦਸਿਆਂ ਦਾ ਕਾਰਨ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਇਲਾਕੇ ’ਚ ਪਰਾਲੀ ਨਾਲ ਲੱਦੀਆਂ ਓਵਰਲੋਡ ਟਰੈਕਟਰ-ਟਰਾਲੀਆਂ ਦੀ ਆਵਾਜਾਈ ਵਧਣ ਕਾਰਨ ਆਮ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਟਰਾਲੀਆਂ ’ਚ ਸਮਰੱਥਾ ਤੋਂ ਵੱਧ ਪਰਾਲੀ ਦੀਆਂ ਗੰਢਾਂ ਨੂੰ ਪਾਸਿਆਂ ਤੇ ਪਿੱਛੇ ਵੱਲ ਜ਼ਿਆਦਾ ਬਾਹਰ ਕੱਢਣ ਕਾਰਨ ਸੜਕ ’ਤੇ ਹੋਰ ਵਾਹਨਾਂ ਨੂੰ ਸਾਈਡ ਦੇਣ ਲਈ ਲੋੜੀਂਦੀ ਜਗ੍ਹਾ ਨਹੀਂ ਮਿਲਦੀ। ਭੋਗਪੁਰ ਵਿਖੇ ਸਰੀਨ ਮੈਡੀਕਲ ਸਟੋਰ ਦੇ ਨੇੜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪਰਾਲੀ ਨਾਲ ਭਰੀ ਇਕ ਓਵਰਲੋਡ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ।
ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਸੀ ਕਿ ਪਿੱਛੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਟਰੈਕਟਰ-ਟਰਾਲੀ ਸੜਕ ਕਿਨਾਰੇ ਲੱਗੀਆਂ ਰੇਲਿੰਗਾਂ ਨੂੰ ਤੋੜਦੀ ਹੋਈ ਦੁਕਾਨਾਂ ਦੇ ਸ਼ਟਰਾਂ ਨਾਲ ਜਾ ਟਕਰਾਈ। ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਦੁਕਾਨ ਤੇ ਟਰੈਕਟਰ-ਟਰਾਲੀ ਦਾ ਨੁਕਸਾਨ ਹੋਇਆ ਹੈ। ਸਥਾਨਕ ਲੋਕਾਂ ਅਨੁਸਾਰ ਪਰਾਲੀ ਨਾਲ ਲੱਦੀਆਂ ਕਈ ਟਰਾਲੀਆਂ ਆਮ ਟਰਾਲੀਆਂ ਦੇ ਮੁਕਾਬਲੇ ਕਾਫ਼ੀ ਚੌੜੀਆਂ ਤੇ ਲੰਮੀਆਂ ਹੋ ਜਾਂਦੀਆਂ ਹਨ। ਆਮ ਤੌਰ ’ਤੇ ਟਰਾਲੀ ਦੀ ਚੌੜਾਈ ਕਰੀਬ 7 ਤੋਂ 8 ਫੁੱਟ ਹੁੰਦੀ ਹੈ, ਜਦਕਿ ਕੁਝ ਓਵਰਲੋਡ ਟਰਾਲੀਆਂ ’ਚ ਪਰਾਲੀ ਦੀਆਂ ਗੰਢਾਂ ਪਾਸਿਆਂ ਤੋਂ ਕਾਫ਼ੀ ਬਾਹਰ ਤੱਕ ਨਿਕਲੀਆਂ ਹੁੰਦੀਆਂ ਹਨ। ਇਸ ਕਾਰਨ ਪਿੱਛੋਂ ਆਉਣ ਵਾਲੇ ਵਾਹਨਾਂ ਨੂੰ ਓਵਰਟੇਕ ਕਰਨ ਜਾਂ ਸਾਈਡ ਤੋਂ ਲੰਘਣ ’ਚ ਭਾਰੀ ਦਿੱਕਤ ਆਉਂਦੀ ਹੈ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਕਿਹਾ ਕਿ ਜਦੋਂ ਸਾਹਮਣੇ ਤੋਂ ਕੋਈ ਵਾਹਨ ਆ ਰਿਹਾ ਹੋਵੇ ਤਾਂ ਓਵਰਲੋਡ ਟਰਾਲੀਆਂ ਕਾਰਨ ਸੜਕ ਦਾ ਵੱਡਾ ਹਿੱਸਾ ਘਿਰ ਜਾਂਦਾ ਹੈ। ਅਜਿਹੇ ਹਾਲਾਤ ’ਚ ਵਾਹਨ ਚਾਲਕਾਂ ਤੇ ਹੋਰ ਰਾਹਗੀਰਾਂ ਲਈ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਲੰਮੀਆਂ ਟਾਹਲੀਆਂ ਤੇ ਪਿੱਛੇ ਲੋੜੀਂਦੇ ਰਿਫਲੈਕਟਰ ਜਾਂ ਲਾਈਟਾਂ ਨਾ ਹੋਣ ਕਾਰਨ ਖ਼ਤਰਾ ਹੋਰ ਵਧ ਜਾਂਦਾ ਹੈ। ਮੱਲ੍ਹੀ ਨੰਗਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਾਲੀ ਨਾਲ ਲੱਦੀਆਂ ਟਰਾਲੀਆਂ ਦੀ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਨੂੰ ਨਿਰਧਾਰਤ ਹੱਦ ਅੰਦਰ ਹੀ ਰੱਖ ਕੇ ਸੜਕ ’ਤੇ ਚਲਾਇਆ ਜਾਵੇ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ ’ਚ ਵੀ ਪਰਾਲੀ ਦੀਆਂ ਗੰਢਾਂ ਨਾਲ ਲੱਦੀ ਇਕ ਓਵਰਲੋਡ ਟਰੈਕਟਰ-ਟਰਾਲੀ ਜੇਪੀ ਹਸਪਤਾਲ ਦੇ ਸਾਹਮਣੇ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਜਾ ਪਹੁੰਚੀ ਸੀ ਤੇ ਵਾਹਨਾਂ ਨਾਲ ਟਕਰਾਉਣ ਕਾਰਨ ਗੰਭੀਰ ਹਾਦਸਾ ਵਾਪਰਿਆ ਸੀ। ਲੋਕਾਂ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਓਵਰਲੋਡ ਵਾਹਨਾਂ ਦੀ ਚੈਕਿੰਗ ਦੀ ਮੰਗ ਕੀਤੀ। ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਟਰੈਕਟਰ-ਟਰਾਲੀਆਂ ਛੋਟੀ ਉਮਰ ਦੇ ਜਾਂ ਬਿਨਾਂ ਲੁੜੀਂਦੇ ਤਜਰਬੇ ਵਾਲੇ ਡਰਾਈਵਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਕਿ ਅਜਿਹੇ ਵਾਹਨਾਂ ਦੇ ਡਰਾਈਵਰਾਂ ਦੇ ਲਾਇਸੈਂਸ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ।