ਬਿਲਗਾ ਤੋਂ ਤਲਵਣ ਰੋਡ ’ਤੇ ਬਿਨਾਂ ਤਰਪਾਲਾਂ ਤੋਂ ਦੌੜ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ ਬਿਲਗਾ ਤੋਂ ਤਲਵਣ ਰੋਡ ’ਤੇ ਬਿਨਾਂ ਤਰਪਾਲਾਂ ਤੋਂ ਦੌੜ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ
Publish Date: Wed, 19 Aug 2026 06:47 PM (IST)
Updated Date: Wed, 19 Aug 2026 06:51 PM (IST)
ਲੋਕਾਂ ਦੀ ਜਾਨ ਨਾਲ ਖਿਲਵਾੜ, ਉੱਡਦੀ ਮਿੱਟੀ ਕਾਰਨ ਰਾਹਗੀਰਾਂ ਤੇ ਸਕੂਲੀ ਬੱਚਿਆਂ ਦੀ ਜਾਨ ਨੂੰ ਖ਼ਤਰਾ ਪ੍ਰਸ਼ਾਸਨ ਦੀ ਚੁੱਪ ’ਤੇ ਉੱਠ ਰਹੇ ਸਵਾਲ, ਸਖ਼ਤ ਕਾਰਵਾਈ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਿਲਗਾ : ਬਿਲਗਾ ਤੋਂ ਤਲਵਣ ਨੂੰ ਜਾਂਦੀ ਮੁੱਖ ਸੜਕ ’ਤੇ ਇਨ੍ਹੀਂ ਦਿਨੀਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ ਦੀ ਲਾਪਰਵਾਹੀ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣ ਚੁੱਕੀ ਹੈ। ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ ਇਨ੍ਹਾਂ ਓਵਰਲੋਡ ਟਰਾਲੀਆਂ ਉੱਪਰ ਨਾ ਹੀ ਤਰਪਾਲਾਂ ਪਾਈਆਂ ਹੁੰਦੀਆਂ ਹਨ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਇਹ ਟਰਾਲੀਆਂ ਆਮ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਇਸ ਮਾਰਗ ਤੋਂ ਦਿਨ-ਰਾਤ ਮਿੱਟੀ ਨਾਲ ਭਰੀਆਂ ਟਰਾਲੀਆਂ ਬੇਖ਼ੌਫ਼ ਹੋ ਕੇ ਲੰਘਦੀਆਂ ਹਨ। ਇਨ੍ਹਾਂ ਟਰਾਲੀਆਂ ਉੱਪਰ ਬਿਨਾਂ ਤਰਪਾਲਾਂ ਤੋਂ ਮਿੱਟੀ ਲੱਦੀ ਹੋਣ ਕਾਰਨ ਤੇਜ਼ ਹਵਾ ਨਾਲ ਮਿੱਟੀ ਸੜਕ ’ਤੇ ਉੱਡਦੀ ਹੈ, ਜਿਸ ਨਾਲ ਪਿੱਛੇ ਆਉਣ ਵਾਲੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਮਿੱਟੀ ਪੈਂਦੀ ਹੈ ਤੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਬਿਨਾਂ ਤਰਪਾਲਾਂ ਤੋਂ ਦੌੜ ਰਹੀਆਂ ਇਨ੍ਹਾਂ ਟਰਾਲੀਆਂ ’ਚੋਂ ਡਿੱਗਦੇ ਮਿੱਟੀ ਦੇ ਢੇਰ ਪਿੱਛੇ ਆਉਂਦੇ ਵਾਹਨਾਂ ਦਾ ਨੁਕਸਾਨ ਕਰ ਰਹੇ ਹਨ ਤੇ ਕਈ ਵਾਰ ਮੋਟਰਸਾਈਕਲ ਸਵਾਰ ਤਿਲਕ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਇਸ ਰੋਡ ਤੋਂ ਰੋਜ਼ਾਨਾ ਸਕੂਲੀ ਬੱਚੇ, ਔਰਤਾਂ ਤੇ ਨੌਕਰੀਪੇਸ਼ਾ ਲੋਕ ਆਉਂਦੇ-ਜਾਂਦੇ ਹਨ, ਪਰ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇਨ੍ਹਾਂ ਚਾਲਕਾਂ ਦੇ ਹੌਸਲੇ ਬੁਲੰਦ ਹਨ। ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਬਿਲਗਾ-ਤਲਵਣ ਰੋਡ ’ਤੇ ਚੱਲ ਰਹੀਆਂ ਇਨ੍ਹਾਂ ਓਵਰਲੋਡ ਤੇ ਬਿਨਾਂ ਤਰਪਾਲਾਂ ਵਾਲੀਆਂ ਟਰਾਲੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਰੋਕਿਆ ਜਾ ਸਕੇ।