ਬਿਲਗਾ-ਤਲਵਣ ਰੋਡ 'ਤੇ ਮੌਤ ਬਣ ਕੇ ਦੌੜ ਰਹੀਆਂ ਓਵਰਲੋਡ ਟਰਾਲੀਆਂ: ਬਿਨਾਂ ਤਰਪਾਲਾਂ ਤੋਂ ਉੱਡਦੀ ਮਿੱਟੀ ਕਾਰਨ ਲੋਕਾਂ ਦੀ ਜਾਨ ਖ਼ਤਰੇ 'ਚ, ਪ੍ਰਸ਼ਾਸਨ ਚੁੱਪ ਬਿਲਗਾ ਤੋਂ ਤਲਵਣ ਨੂੰ ਜਾਂਦੀ ਮੁੱਖ ਸੜਕ 'ਤੇ ਇਨ੍ਹੀਂ ਦਿਨੀਂ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੀਆਂ ਹਨ। ਇਨ੍ਹਾਂ ਟਰਾਲੀਆਂ ਉੱਪਰ ਨਾ ਤਾਂ ਤਰਪਾਲਾਂ ਪਾਈਆਂ ਜਾ ਰਹੀਆਂ ਹਨ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Publish Date: Tue, 18 Aug 2026 03:46 PM (IST)
Updated Date: Tue, 18 Aug 2026 03:48 PM (IST)
ਰੇਸ਼ਮ ਲਾਲ, ਬਿਲਗਾ : ਬਿਲਗਾ ਤੋਂ ਤਲਵਣ ਨੂੰ ਜਾਂਦੀ ਮੁੱਖ ਸੜਕ 'ਤੇ ਇਨ੍ਹੀਂ ਦਿਨੀਂ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੀਆਂ ਹਨ। ਇਨ੍ਹਾਂ ਟਰਾਲੀਆਂ ਉੱਪਰ ਨਾ ਤਾਂ ਤਰਪਾਲਾਂ ਪਾਈਆਂ ਜਾ ਰਹੀਆਂ ਹਨ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਮਾਰਗ ਤੋਂ ਦਿਨ-ਰਾਤ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਬੇਖ਼ੌਫ਼ ਹੋ ਕੇ ਲੰਘਦੀਆਂ ਹਨ। ਇਨ੍ਹਾਂ ਟਰਾਲੀਆਂ ਉੱਪਰ ਬਿਨਾਂ ਤਰਪਾਲਾਂ ਤੋਂ ਮਿੱਟੀ ਲੱਦੀ ਹੋਣ ਕਾਰਨ ਤੇਜ਼ ਹਵਾ ਨਾਲ ਮਿੱਟੀ ਸੜਕ 'ਤੇ ਉੱਡਦੀ ਹੈ, ਜਿਸ ਨਾਲ ਪਿੱਛੇ ਆਉਣ ਵਾਲੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਮਿੱਟੀ ਪੈਂਦੀ ਹੈ ਅਤੇ ਵੱਡੇ ਸੜਕੀ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਟਰਾਲੀਆਂ ਵਿੱਚੋਂ ਡਿੱਗਦੇ ਮਿੱਟੀ ਦੇ ਢੇਰ ਪਿੱਛੇ ਆਉਂਦੇ ਵਾਹਨਾਂ ਦਾ ਨੁਕਸਾਨ ਕਰ ਰਹੇ ਹਨ ਅਤੇ ਕਈ ਵਾਰ ਮੋਟਰਸਾਈਕਲ ਸਵਾਰ ਤਿਲਕ ਕੇ ਗੰਭੀਰ ਜ਼ਖ਼ਮੀ ਵੀ ਹੋ ਚੁੱਕੇ ਹਨ।
ਇਸ ਰੋਡ ਤੋਂ ਰੋਜ਼ਾਨਾ ਸਕੂਲੀ ਬੱਚੇ, ਔਰਤਾਂ ਅਤੇ ਨੌਕਰੀਪੇਸ਼ਾ ਲੋਕ ਆਉਂਦੇ-ਜਾਂਦੇ ਹਨ, ਪਰ ਪ੍ਰਸ਼ਾਸਨ ਦੀ ਅਣਦੇਖੀ ਅਤੇ ਚੁੱਪ ਕਾਰਨ ਮਿੱਟੀ ਦੀ ਢੋਆ-ਢੁਆਈ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਬਿਲਗਾ-ਤਲਵਣ ਰੋਡ 'ਤੇ ਚੱਲ ਰਹੀਆਂ ਇਨ੍ਹਾਂ ਓਵਰਲੋਡ ਅਤੇ ਬਿਨਾਂ ਤਰਪਾਲਾਂ ਵਾਲੀਆਂ ਟਰਾਲੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ।