
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਓਵਰਲੋਡ ਮਿੱਟੀ ਦੀਆਂ ਟਰਾਲੀਆਂ ਨੇ ਰਾਹਗੀਰਾਂ ਦੀ ਵਧਾਈ ਮੁਸੀਬਤ

-ਬਿਨਾਂ ਤਰਪਾਲਾਂ ਤੋਂ ਉੱਡਦੀ ਮਿੱਟੀ ਕਾਰਨ ਹਾਦਸੇ ਦਾ ਖ਼ਤਰਾ
ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਪਿੰਡ ਪ੍ਰਤਾਪਪੁਰਾ ਤੋਂ ਨੂਰਮਹਿਲ ਰੋਡ ਰਾਹੀਂ ਪਿੰਡ ਬੇਗਮਪੁਰ ਵੱਲ ਜਾ ਰਹੀਆਂ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਤਰਪਾਲਾਂ ਤੋਂ ਮਿੱਟੀ ਲਿਜਾਣ ਕਾਰਨ ਸੜਕ ’ਤੇ ਧੂੜ ਦੇ ਗੁਬਾਰ ਉੱਡਦੇ ਰਹਿੰਦੇ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਮਿੱਟੀ ਨਾਲ ਭਰੀਆਂ ਕਈ ਟਰਾਲੀਆਂ ਬਿਨਾਂ ਤਰਪਾਲਾਂ ਦੇ ਸੜਕ ਤੋਂ ਲੰਘਦੀਆਂ ਹਨ। ਵਾਹਨਾਂ ਦੀ ਆਵਾਜਾਈ ਦੌਰਾਨ ਟਰਾਲੀਆਂ ’ਚੋਂ ਮਿੱਟੀ ਉੱਡ ਕੇ ਰਾਹਗੀਰਾਂ ਤੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਪੈਂਦੀ ਹੈ। ਧੂੜ ਦੇ ਗੁਬਾਰ ਕਾਰਨ ਕੁਝ ਸਮੇਂ ਲਈ ਸੜਕ ’ਤੇ ਅੱਗੇ ਦਾ ਰਸਤਾ ਸਾਫ਼ ਦਿਖਾਈ ਨਾ ਦੇਣ ਕਾਰਨ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਅਨੁਸਾਰ ਸੜਕ ’ਤੇ ਮਿੱਟੀ ਖਿੱਲਰਣ ਤੇ ਉੱਡਣ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਤੇ ਘਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੂੜ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਲੋਕਾਂ ਨੇ ਦੱਸਿਆ ਕਿ ਪ੍ਰਤਾਪਪੁਰਾ ਤੋਂ 100 ਫੁੱਟ ਰੋਡ ਰਾਹੀਂ ਬੇਗਮਪੁਰ ਵੱਲ ਜਾਣ ਵਾਲੀ ਸੜਕ ’ਤੇ ਮਿੱਟੀ ਦੀਆਂ ਇਨ੍ਹਾਂ ਟਰਾਲੀਆਂ ਦੀ ਆਵਾਜਾਈ ਲਗਾਤਾਰ ਜਾਰੀ ਹੈ। ਉਨ੍ਹਾਂ ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਤੋਂ ਮੰਗ ਕੀਤੀ ਕਿ ਓਵਰਲੋਡ ਤੇ ਬਿਨਾਂ ਤਰਪਾਲਾਂ ਵਾਲੀਆਂ ਟਰਾਲੀਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਧੂੜ ਕਾਰਨ ਕੋਈ ਗੰਭੀਰ ਸੜਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਇਸ ਸਮੱਸਿਆ ਤੋਂ ਤੁਰੰਤ ਰਾਹਤ ਦਿਵਾਈ ਜਾਵੇ।