- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
500 ਤੋਂ ਵੱਧ ਵਿਦਿਆਰਥੀ ਪੁਲਿਸ ਕੈਡਿਟਾਂ ਨੇ ਪੰਜਾਬ ਪੁਲਿਸ ਅਕੈਡਮੀ ਦਾ ਕੀਤਾ ਦੌਰਾ

ਸਾਈਬਰ ਸੁਰੱਖਿਆ ਤੇ ਜ਼ਿੰਮੇਵਾਰ ਇੰਟਰਨੈੱਟ ਵਰਤੋਂ ਬਾਰੇ ਕਰਵਾਇਆ ਵਿਸ਼ੇਸ਼ ਜਾਗਰੂਕਤਾ ਸੈਸ਼ਨ
ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ :
ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵੱਲੋਂ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ 500 ਤੋਂ ਵੱਧ ਵਿਦਿਆਰਥੀ ਪੁਲਿਸ ਕੈਡਿਟਾਂ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ਵਿਸ਼ੇਸ਼ ਵਿਦਿਅਕ ਦੌਰਾ ਕਰਵਾਇਆ ਗਿਆ। ਕੈਡਿਟ ਆਪਣੇ ਜ਼ਿਲ੍ਹਿਆਂ ਦੇ ਨੋਡਲ ਐਸਪੀਸੀ ਅਧਿਆਪਕਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਅਕੈਡਮੀ ਪਹੁੰਚੇ। ਅਕੈਡਮੀ ਪਹੁੰਚਣ ’ਤੇ ਵਿਦਿਆਰਥੀ ਪੁਲਿਸ ਕੈਡਿਟਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਕੈਡਿਟਾਂ ਨੇ ਅਕੈਡਮੀ ਦੀ ਸਿਖਲਾਈ ਪ੍ਰਣਾਲੀ, ਅਨੁਸ਼ਾਸਨ ਅਤੇ ਵੱਖ-ਵੱਖ ਸਿਖਲਾਈ ਗਤੀਵਿਧੀਆਂ ਨੂੰ ਵੀ ਨੇੜਿਓਂ ਦੇਖਿਆ। ਇਸ ਦੌਰਾਨ ਉਨ੍ਹਾਂ ਨੂੰ ਪੁਲਿਸ ਸੇਵਾ ਨਾਲ ਜੁੜੇ ਕਈ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਨ ਦਾ ਮੌਕਾ ਮਿਲਿਆ।
---
ਸੁਰੱਖਿਅਤ ਇੰਟਰਨੈੱਟ ਵਰਤੋਂ ਬਾਰੇ ਜਾਗਰੂਕ ਕੀਤਾ
ਦੌਰੇ ਦੌਰਾਨ ਪੰਜਾਬ ਪੁਲਿਸ ਅਕੈਡਮੀ ਦੀ ਆਈਟੀ ਟੀਮ ਵੱਲੋਂ ਇੰਟਰਨੈੱਟ ਅਤੇ ਆਨਲਾਈਨ ਪਲੇਟਫਾਰਮਾਂ ਦੀ ਸੁਰੱਖਿਅਤ ਵਰਤੋਂ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਕੈਡਿਟਾਂ ਨੂੰ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਅਤੇ ਆਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿੱਚ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਅਤੇ ਇੰਟਰਨੈੱਟ ਦੀ ਸੁਰੱਖਿਅਤ ਤੇ ਸਮਝਦਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।
--
ਇਤਿਹਾਸਕ ਕਿਲ੍ਹੇ ਦਾ ਵੀ ਕੀਤਾ ਦੌਰਾ
ਇਸ ਮੌਕੇ ਵਿਦਿਆਰਥੀ ਪੁਲਿਸ ਕੈਡਿਟਾਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ ਵਿਹੜੇ ਵਿੱਚ ਸਥਿਤ ਇਤਿਹਾਸਕ ਕਿਲ੍ਹੇ ਸਮੇਤ ਹੋਰ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਅਕੈਡਮੀ ਦੀ ਇਤਿਹਾਸਕ ਵਿਰਾਸਤ ਅਤੇ ਵੱਖ-ਵੱਖ ਮਹੱਤਵਪੂਰਨ ਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਆਏ ਕੈਡਿਟਾਂ ਲਈ ਇਹ ਦੌਰਾ ਪੁਲਿਸ ਪ੍ਰਣਾਲੀ, ਅਨੁਸ਼ਾਸਨ, ਇਤਿਹਾਸ, ਸਾਈਬਰ ਸੁਰੱਖਿਆ ਅਤੇ ਕਮਿਊਨਿਟੀ ਪੁਲਿਸਿੰਗ ਨੂੰ ਸਮਝਣ ਦਾ ਵਿਲੱਖਣ ਮੌਕਾ ਸਾਬਤ ਹੋਇਆ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਅਤੇ ਪੁਲਿਸ ਵਿਭਾਗ ਦਰਮਿਆਨ ਸੰਵਾਦ ਨੂੰ ਵੀ ਉਤਸ਼ਾਹ ਮਿਲਿਆ।