- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਤੰਗ ਬਾਜ਼ਾਰਾਂ ’ਚ ਈ-ਰਿਕਸ਼ਿਆਂ

-ਤੰਗ ਬਾਜ਼ਾਰਾਂ ’ਚ ਈ-ਰਿਕਸ਼ਿਆਂ ਤੇ ਕਾਰਾਂ ਦੀ ਐਂਟਰੀ ਰੋਕਣ ਲਈ ਬੈਰੀਕੇਡਿੰਗ
ਸੁਕ੍ਰਾਂਤ, ਜਾਗਰਣ, ਜਲੰਧਰ
ਦੀਵਾਲੀ ਦੀਆਂ ਰੌਣਕਾਂ ਵਿਚਾਲੇ ਸ਼ਹਿਰ ਦੇ ਬਾਜ਼ਾਰਾਂ ’ਚ ਖਰੀਦਦਾਰੀ ਲਈ ਆਵਾਜਾਈ ਵਧਣ ਲੱਗੀ ਹੈ। ਕੱਪੜੇ, ਮਠਿਆਈਆਂ, ਇਲੈਕਟ੍ਰਾਨਿਕ ਸਾਮਾਨ, ਸਜਾਵਟੀ ਲਾਈਟਾਂ ਤੇ ਤੋਹਫ਼ੇ ਖਰੀਦਣ ਲਈ ਉਮੜ ਰਹੀ ਭੀੜ ਨੂੰ ਦੇਖਦਿਆਂ ਪੁਲਿਸ ਨੇ ਟ੍ਰੈਫਿਕ ਪ੍ਰਬੰਧਾਂ ਲਈ ਖ਼ਾਸ ਇੰਤਜ਼ਾਮ ਕੀਤੇ ਹਨ। ਇਸ ਵਾਰ ਟ੍ਰੈਫਿਕ ਪੁਲਿਸ ਤੇ ਥਾਣਿਆਂ ਦੇ ਕਰੀਬ 400 ਤੋਂ 500 ਮੁਲਾਜ਼ਮ ਸਿਰਫ਼ ਟ੍ਰੈਫਿਕ ਤੇ ਸੁਰੱਖਿਆ ਪ੍ਰਬੰਧ ਸੰਭਾਲਣਗੇ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ, ਚੌਕਾਂ ਤੇ ਹਾਈਵੇਅ ’ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਰ ਪ੍ਰਮੁੱਖ ਚੌਕ ’ਤੇ ਪੰਜ ਤੋਂ ਵੱਧ ਮੁਲਾਜ਼ਮ ਡਿਊਟੀ ’ਤੇ ਰਹਿਣਗੇ। ਪੁਲਿਸ ਮੁਲਾਜ਼ਮ ਸੜਕਾਂ ’ਤੇ ਉਤਰ ਕੇ ਟ੍ਰੈਫਿਕ ਨੂੰ ਸੁਚਾਰੂ ਬਣਾਉਣਗੇ ਤਾਂ ਜੋ ਲੋਕ ਬਿਨਾਂ ਜਾਮ ’ਚ ਫਸੇ ਬਾਜ਼ਾਰਾਂ ਤੱਕ ਪੁੱਜ ਸਕਣ।
---
ਇਨ੍ਹਾਂ ਬਾਜ਼ਾਰਾਂ ’ਤੇ ਰਹੇਗੀ ਪੁਲਿਸ ਦੀ ਖ਼ਾਸ ਨਜ਼ਰ, ਲਾਏ ਬੈਰੀਕੇਡ
ਦੀਵਾਲੀ ਮੌਕੇ ਬਾਜ਼ਾਰ ਸ਼ੇਖਾਂ, ਰੈਣਕ ਬਾਜ਼ਾਰ, ਮਿਲਾਪ ਚੌਕ, ਫਗਵਾੜਾ ਗੇਟ, ਭਗਵਾਨ ਵਾਲਮੀਕਿ ਚੌਕ ਤੇ ਮਾਡਲ ਟਾਊਨ ਸਮੇਤ ਕੁਝ ਹੋਰ ਇਲਾਕਿਆਂ ਦੀ ਖਾਸ ਤੌਰ ’ਤੇ ਪਛਾਣ ਕੀਤੀ ਗਈ ਹੈ। ਇਨ੍ਹਾਂ ਬਾਜ਼ਾਰਾਂ ’ਚ ਭੀੜ ਦੇ ਮੱਦੇਨਜ਼ਰ ਈ-ਰਿਕਸ਼ਿਆਂ ਤੇ ਹੋਰ ਵੱਡੇ ਵਾਹਨਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਬੈਰੀਕੇਡ ਲਾਏ ਗਏ ਹਨ।
ਬਾਜ਼ਾਰ ਸ਼ੇਖਾਂ ’ਚ ਘਰੇਲੂ ਲੋੜਾਂ ਦਾ ਸਾਮਾਨ ਤੇ ਵੱਖ-ਵੱਖ ਵਪਾਰਕ ਵਸਤਾਂ ਖਰੀਦਣ ਲਈ ਲੋਕ ਪੁੱਜਦੇ ਹਨ, ਜਦਕਿ ਰੈਣਕ ਬਾਜ਼ਾਰ ਕੱਪੜਿਆਂ, ਜੁੱਤੀਆਂ, ਕਾਸਮੈਟਿਕਸ ਤੇ ਤੋਹਫ਼ਿਆਂ ਲਈ ਮਸ਼ਹੂਰ ਹੈ। ਫਗਵਾੜਾ ਗੇਟ ’ਚ ਬਿਜਲੀ ਅਤੇ ਇਲੈਕਟ੍ਰਾਨਿਕ ਸਾਮਾਨ ਦੀਆਂ ਦੁਕਾਨਾਂ ਹੋਣ ਕਰਕੇ ਦੀਵਾਲੀ ’ਤੇ ਗਾਹਕਾਂ ਦੀ ਗਿਣਤੀ ਵਧ ਜਾਂਦੀ ਹੈ। ਉੱਥੇ ਹੀ ਮਿਲਾਪ ਚੌਕ ਤੇ ਭਗਵਾਨ ਵਾਲਮੀਕਿ ਚੌਕ ਕਈ ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੇ ਪ੍ਰਮੁੱਖ ਰਸਤਿਆਂ ਨੂੰ ਜੋੜਦੇ ਹਨ। ਇਨ੍ਹਾਂ ਇਲਾਕਿਆਂ ਦੀਆਂ ਤੰਗ ਸੜਕਾਂ ਤੇ ਵੱਧ ਆਵਾਜਾਈ ਨੂੰ ਦੇਖਦਿਆਂ ਵਾਧੂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ।
ਇਸ ਤੋਂ ਇਲਾਵਾ ਮਾਡਲ ਟਾਊਨ, ਅਵਤਾਰ ਨਗਰ ਮਾਰਕੀਟ ਤੇ ਨਕੋਦਰ ਰੋਡ ’ਤੇ ਵੀ ਖ਼ਾਸ ਨਿਗਰਾਨੀ ਰਹੇਗੀ। ਮਾਡਲ ਟਾਊਨ ’ਚ ਸ਼ੋਅਰੂਮਾਂ, ਰੈਸਟੋਰੈਂਟਾਂ ਅਤੇ ਬ੍ਰਾਂਡਿਡ ਦੁਕਾਨਾਂ ਕਾਰਨ ਸ਼ਾਮ ਵੇਲੇ ਪਰਿਵਾਰਾਂ ਦੀ ਆਵਾਜਾਈ ਵਧ ਜਾਂਦੀ ਹੈ। ਅਵਤਾਰ ਨਗਰ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਖਰੀਦਦਾਰੀ ਦਾ ਪ੍ਰਮੁੱਖ ਕੇਂਦਰ ਹੈ, ਜਦਕਿ ਨਕੋਦਰ ਰੋਡ ’ਤੇ ਵਪਾਰਕ ਅਦਾਰਿਆਂ ਕਾਰਨ ਟ੍ਰੈਫਿਕ ਦਾ ਦਬਾਅ ਬਣਿਆ ਰਹਿੰਦਾ ਹੈ।
---
ਹਾਈਵੇ ਤੇ ਪ੍ਰਮੁੱਖ ਚੌਕਾਂ ’ਤੇ ਵੀ ਵਾਧੂ ਪੁਲਿਸ
ਬਾਜ਼ਾਰਾਂ ਦੇ ਨਾਲ-ਨਾਲ ਸ਼ਹਿਰ ਦੇ ਦਾਖ਼ਲਾ ਮਾਰਗਾਂ ਤੇ ਹਾਈਵੇ ’ਤੇ ਵੀ ਪੁਲਿਸ ਨੇ ਖ਼ਾਸ ਪ੍ਰਬੰਧ ਕੀਤੇ ਹਨ। ਚੁਗਿੱਟੀ ਫਲਾਈਓਵਰ, ਪੀਏਪੀ ਚੌਕ, ਬੀਐੱਸਐੱਫ ਚੌਕ, ਮਕਸੂਦਾਂ ਚੌਕ, ਵੇਰਕਾ ਮਿਲਕ ਪਲਾਂਟ ਤੇ ਕਪੂਰਥਲਾ ਚੌਕ ਨੂੰ ਟ੍ਰੈਫਿਕ ਪੱਖੋਂ ਸੰਵੇਦਨਸ਼ੀਲ ਥਾਵਾਂ ’ਚ ਸ਼ਾਮਲ ਕੀਤਾ ਗਿਆ ਹੈ। ਇੱਥੇ ਟ੍ਰੈਫਿਕ ਪੁਲਿਸ ਦੇ ਨਾਲ ਸਬੰਧਤ ਥਾਣਿਆਂ ਦੀ ਪੁਲਿਸ ਵੀ ਤਾਇਨਾਤ ਰਹੇਗੀ।
ਇਨ੍ਹਾਂ ਥਾਵਾਂ ’ਤੇ ਟ੍ਰੈਫਿਕ ਦਾ ਦਬਾਅ ਵੱਧ ਰਹਿੰਦਾ ਹੈ, ਇਸ ਲਈ ਆਮ ਦਿਨਾਂ ਨਾਲੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਾਈਵੇ ਤੇ ਪ੍ਰਮੁੱਖ ਮਾਰਗਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਆਵਾਜਾਈ ’ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਤਿਉਹਾਰ ਦੌਰਾਨ ਵਧਦੇ ਟ੍ਰੈਫਿਕ ਕਾਰਨ ਜਾਮ ਦੀ ਸਥਿਤੀ ਨਾ ਬਣੇ।
---
ਦੁਕਾਨਦਾਰਾਂ ਨੇ ਵੀ ਆਪਣੇ ਪੱਧਰ ’ਤੇ ਕੀਤੇ ਇੰਤਜ਼ਾਮ
ਮਿਲਾਪ ਚੌਕ ਦੇ ਆਲੇ-ਦੁਆਲੇ, ਰੈਣਕ ਬਾਜ਼ਾਰ, ਮਾਡਲ ਟਾਊਨ ਅਤੇ ਬਸਤੀ ਇਲਾਕੇ ਦੇ ਕਈ ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਵੀ ਆਪਣੇ ਪੱਧਰ ’ਤੇ ਨਿੱਜੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ। ਇਹ ਮੁਲਾਜ਼ਮ ਬਾਜ਼ਾਰਾਂ ਵਿਚ ਭੀੜ ਅਤੇ ਦੁਕਾਨਾਂ ਦੇ ਬਾਹਰ ਆਵਾਜਾਈ ਨੂੰ ਸੁਚਾਰੂ ਰੱਖਣ ਵਿਚ ਮਦਦ ਕਰਨਗੇ।
---
ਦੋ ਦਿਨ ਰਾਹਤ ਪਰ ਨਿਯਮ ਤੋੜਨ ਦੀ ਛੋਟ ਨਹੀਂ
ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਨੇ ਦੱਸਿਆ ਕਿ ਤਿਉਹਾਰ ਦੇ ਮੱਦੇਨਜ਼ਰ ਦੋ ਦਿਨਾਂ ਲਈ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਛੋਟ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਖਰੀਦਦਾਰੀ ਲਈ ਕੋਈ ਵੱਖਰੀ ਪਾਰਕਿੰਗ ਪ੍ਰਬੰਧ ਨਹੀਂ ਕੀਤੇ ਗਏ। ਵਾਹਨ ਚਾਲਕ ਨਿਰਧਾਰਤ ਪਾਰਕਿੰਗ ਥਾਵਾਂ ’ਤੇ ਜਾਂ ਪੀਲੀ ਲਾਈਨ ਦੇ ਅੰਦਰ ਹੀ ਗੱਡੀ ਖੜ੍ਹੀ ਕਰਨ। ਤੰਗ ਬਾਜ਼ਾਰਾਂ ’ਚ ਕਾਰ ਲਿਜਾਣ ਦੀ ਬਜਾਏ ਆਲੇ-ਦੁਆਲੇ ਵਾਹਨ ਖੜ੍ਹਾ ਕਰਕੇ ਪੈਦਲ ਖਰੀਦਦਾਰੀ ਕਰਨ।