ਆਨਲਾਈਨ ਕੁਰਸੀਆਂ ਮੰਗਵਾਉਣਾ ਪਿਆ ਮਹਿੰਗਾ, ਪੈਸੇ ਲੈਂਦੇ ਹੀ ਕੰਪਨੀ ਦਾ ਨੰਬਰ ਬੰਦ
ਆਨਲਾਈਨ ਕੁਰਸੀਆਂ ਮੰਗਵਾਉਣਾ ਪਿਆ ਮਹਿੰਗਾ, ਪੈਸੇ ਲੈਂਦੇ ਹੀ ਕੰਪਨੀ ਦਾ ਨੰਬਰ ਬੰਦ
Publish Date: Tue, 31 Mar 2026 08:14 PM (IST)
Updated Date: Wed, 01 Apr 2026 04:17 AM (IST)

---ਇੰਟਰਨੈੱਟ ਵਿਗਿਆਪਨ ਦੇ ਝਾਂਸੇ ’ਚ ਆ ਕੇ ਨੌਜਵਾਨ ਨਾਲ ਠੱਗੀ, ਸ਼ਹਿਰ ਦੇ ਥਾਣਿਆਂ ’ਚ ਦਰਜਨਾਂ ਅਜਿਹੇ ਮਾਮਲੇ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਆਨਲਾਈਨ ਖਰੀਦਦਾਰੀ ਦੇ ਨਾਮ ’ਤੇ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਨਾਲ ਲੋਕਾਂ ਨੂੰ ਇਕ ਵਾਰ ਫਿਰ ਸਾਵਧਾਨ ਰਹਿਣ ਦੀ ਲੋੜ ਮਹਿਸੂਸ ਹੋ ਰਹੀ ਹੈ। ਹਾਲ ਹੀ ’ਚ ਇੰਟਰਨੈੱਟ ਮੀਡੀਆ ’ਤੇ ਫਰਨੀਚਰ ਦਾ ਆਕਰਸ਼ਕ ਵਿਗਿਆਪਨ ਦੇਖ ਕੇ ਇਕ ਨੌਜਵਾਨ ਨੇ ਦੋ ਕੁਰਸੀਆਂ ਆਰਡਰ ਕੀਤੀਆਂ ਪਰ ਇਹ ਸੌਦਾ ਉਸ ਨੂੰ ਮਹਿੰਗਾ ਪੈ ਗਿਆ। ਦੋਸ਼ ਹੈ ਕਿ ਆਰਡਰ ਕਰਦੇ ਹੀ ਵਿਕਰੇਤਾ ਨੇ ਤੁਰੰਤ ਆਨਲਾਈਨ ਭੁਗਤਾਨ ਦੀ ਮੰਗ ਕੀਤੀ। ਜਲੰਧਰ ਦੇ ਰਹਿਣ ਵਾਲੇ ਸੰਜੇ ਨੇ ਭਰੋਸਾ ਕਰਦੇ ਹੋਏ ਕਰੀਬ 2000 ਰੁਪਏ ਟ੍ਰਾਂਸਫਰ ਕਰ ਦਿੱਤੇ ਪਰ ਜਿਵੇਂ ਹੀ ਪੈਸੇ ਪਹੁੰਚੇ, ਵਿਕਰੇਤਾ ਦਾ ਫੋਨ ਬੰਦ ਹੋ ਗਿਆ ਤੇ ਸੰਪਰਕ ਟੁੱਟ ਗਿਆ। ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਨਾ ਸਮਾਨ ਮਿਲਿਆ ਤੇ ਨਾ ਹੀ ਕੋਈ ਜਵਾਬ, ਤਾਂ ਨੌਜਵਾਨ ਨੂੰ ਸਮਝ ਆ ਗਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਇਹ ਕੋਈ ਇਕੱਲਾ ਮਾਮਲਾ ਨਹੀਂ ਹੈ, ਸਗੋਂ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਤੇਜ਼ੀ ਆਈ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਆਨਲਾਈਨ ਆਰਡਰ ਕਰਨ ਤੋਂ ਬਾਅਦ ਜਾਂ ਤਾਂ ਕੰਪਨੀ ਦੇ ਨੰਬਰ ਬੰਦ ਹੋ ਜਾਂਦੇ ਹਨ ਜਾਂ ਫਿਰ ਮੰਗੇ ਸਮਾਨ ਦੀ ਥਾਂ ਘਟੀਆ ਜਾਂ ਬਿਲਕੁਲ ਵੱਖਰੀ ਵਸਤੂ ਭੇਜੀ ਜਾਂਦੀ ਹੈ। ਪੁਲਿਸ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਠੱਗ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਕਰਸ਼ਕ ਵਿਗਿਆਪਨ ਦੇ ਕੇ ਲੋਕਾਂ ਨੂੰ ਲੁਭਾਉਂਦੇ ਹਨ ਤੇ ਘੱਟ ਕੀਮਤ ’ਚ ਵਧੀਆ ਸਾਮਾਨ ਦੇਣ ਦਾ ਲਾਲਚ ਦਿੰਦੇ ਹਨ। ਕਿਵੇਂ ਫਸਦੇ ਹਨ ਲੋਕ... ਆਨਲਾਈਨ ਠੱਗੀ ਦੇ ਪਿੱਛੇ ਮੁੱਖ ਕਾਰਨ ਲੋਕਾਂ ਦੀ ਜਲਦਬਾਜ਼ੀ ਤੇ ਭਰੋਸਾ ਹੁੰਦਾ ਹੈ। ਠੱਗ ਨਕਲੀ ਵੈੱਬਸਾਈਟ ਜਾਂ ਫਰਜ਼ੀ ਸੋਸ਼ਲ ਮੀਡੀਆ ਪੇਜ ਬਣਾਉਂਦੇ ਹਨ, ਜਿੱਥੇ ਉਹ ਅਸਲੀ ਕੰਪਨੀਆਂ ਵਾਂਗ ਦਿਖਣ ਵਾਲੇ ਵਿਗਿਆਪਨ ਪਾਉਂਦੇ ਹਨ। ਉਹ ਘੱਟ ਕੀਮਤ ’ਤੇ ਬ੍ਰਾਂਡਿਡ ਸਾਮਾਨ ਦਾ ਲਾਲਚ ਦਿੰਦੇ ਹਨ ਤੇ ਤੁਰੰਤ ਭੁਗਤਾਨ ਲਈ ਦਬਾਅ ਬਣਾਉਂਦੇ ਹਨ। ਜ਼ਿਆਦਾਤਰ ਮਾਮਲਿਆਂ ’ਚ ਭੁਗਤਾਨ ਤੋਂ ਬਾਅਦ ਸੰਪਰਕ ਤੋੜ ਦਿੱਤਾ ਜਾਂਦਾ ਹੈ। ਕਈ ਵਾਰ ਨਕਲੀ ਕੋਰੀਅਰ ਰਾਹੀਂ ਗਲਤ ਸਮਾਨ ਭੇਜ ਦਿੱਤਾ ਜਾਂਦਾ ਹੈ, ਤਾਂ ਜੋ ਪੀੜਤ ਤੁਰੰਤ ਸ਼ਿਕਾਇਤ ਨਾ ਕਰ ਸਕੇ। ਇਸ ਤਰ੍ਹਾਂ ਬਚੋ ਆਨਲਾਈਨ ਠੱਗੀ ਤੋਂ... ਹਮੇਸ਼ਾ ਭਰੋਸੇਯੋਗ ਵੈੱਬਸਾਈਟ ਤੋਂ ਹੀ ਖਰੀਦਦਾਰੀ ਕਰੋ ਕੈਸ਼ ਆਨ ਡਲਿਵਰੀ ਦਾ ਵਿਕਲਪ ਚੁਣੋ ਕਿਸੇ ਅਣਜਾਣੇ ਵਿਕਰੇਤਾ ਨੂੰ ਅਡਵਾਂਸ ਭੁਗਤਾਨ ਨਾ ਕਰੋ ਵੈੱਬਸਾਈਟ ਦੀ ਰਿਵਿਊ ਤੇ ਰੇਟਿੰਗ ਜ਼ਰੂਰ ਚੈੱਕ ਕਰੋ ਸ਼ੱਕੀ ਲਿੰਕ ਜਾਂ ਇਸ਼ਤਿਹਾਰ ’ਤੇ ਕਲਿੱਕ ਕਰਨ ਤੋਂ ਬਚੋ ਕੰਪਨੀ ਦਾ ਕਸਟਮਰ ਕੇਅਰ ਨੰਬਰ ਪਹਿਲਾਂ ਵੈਰੀਫਾਈ ਕਰੋ ਕਈ ਲੋਕ ਹੋ ਚੁੱਕੇ ਹਨ ਠੱਗੀ ਦਾ ਸ਼ਿਕਾਰ... ਕੇਸ 1. ਮੋਬਾਈਲ ਦੀ ਥਾਂ ਸਾਬਣ: ਇਕ ਵਿਅਕਤੀ ਨੇ ਆਨਲਾਈਨ ਸਮਾਰਟਫੋਨ ਮੰਗਵਾਇਆ। ਡਲਿਵਰੀ ਦੇਣ ਵਾਲਾ ਆਇਆ ਤਾਂ ਉਸ ਨੇ ਪਹਿਲਾਂ ਪੈਸੇ ਮੰਗੇ। ਵਿਅਕਤੀ ਨੇ 7000 ਰੁਪਏ ਦੇ ਦਿੱਤੇ। ਜਦੋਂ ਬਾਕਸ ਖੋਲ੍ਹਿਆ ਗਿਆ ਤਾਂ ਅੰਦਰ ਸਾਬਣ ਨਿਕਲਿਆ। ਕੇਸ 2. ਬ੍ਰਾਂਡਿਡ ਜੁੱਤੀਆਂ ਦੀ ਥਾਂ ਨਕਲੀ ਸਾਮਾਨ : ਜਲੰਧਰ ਦੇ ਇੱਕ ਕਾਲਜ ਵਿਦਿਆਰਥੀ ਨੇ ਸਸਤੇ ਭਾਅ ’ਤੇ ਜੁੱਤੇ ਮੰਗਵਾਏ ਪਰ ਉਸ ਨੂੰ ਘਟੀਆ ਕੁਆਲਿਟੀ ਦੇ ਨਕਲੀ ਜੁੱਤੇ ਮਿਲੇ ਤੇ ਕੰਪਨੀ ਨਾਲ ਸੰਪਰਕ ਨਹੀਂ ਹੋ ਸਕਿਆ। ਕੇਸ 3. ਲੈਪਟਾਪ ਦੇ ਨਾਮ ’ਤੇ ਧੋਖਾ : ਇਕ ਵਿਦਿਆਰਥੀ ਨੇ ਸਸਤਾ ਲੈਪਟਾਪ ਦੇਖ ਕੇ ਆਰਡਰ ਕੀਤਾ ਤੇ ਆਨਲਾਈਨ ਪੈਸੇ ਦੇ ਦਿੱਤੇ ਪਰ ਨਾ ਸਾਮਾਨ ਆਇਆ ਅਤੇ ਨਾ ਹੀ ਕੰਪਨੀ ਨਾਲ ਸੰਪਰਕ ਹੋਇਆ। ਕੇਸ 4. ਫਰਨੀਚਰ ਆਰਡਰ, ਡਲਿਵਰੀ ਨਹੀਂ : ਲੰਮਾ ਪਿੰਡ ਚੌਕ ਨੇੜੇ ਰਹਿਣ ਵਾਲੇ ਪਰਿਵਾਰ ਨੇ ਆਨਲਾਈਨ ਸੋਫਾ ਸੈੱਟ ਬੁੱਕ ਕੀਤਾ ਪਰ ਅੈਡਵਾਂਸ ਭੁਗਤਾਨ ਦੇ ਬਾਅਦ ਨਾ ਸਾਮਾਨ ਮਿਲਿਆ ਤੇ ਨਾ ਹੀ ਕੋਈ ਜਵਾਬ। ਆਨਲਾਈਨ ਖਰੀਦਦਾਰੀ ਸੁਵਿਧਾਜਨਕ ਤਾਂ ਹੈ ਪਰ ਇਸ ’ਚ ਸਾਵਧਾਨੀ ਬਹੁਤ ਜ਼ਰੂਰੀ ਹੈ। ਬਿਨਾਂ ਜਾਂਚੇ-ਪਰਖੇ ਕਿਸੇ ਵੀ ਆਫਰ ‘ਤੇ ਭਰੋਸਾ ਕਰਨਾ ਮਹਿੰਗਾ ਪੈ ਸਕਦਾ ਹੈ। ਲੋਕ ਸਚੇਤ ਰਹਿਣ ਤੇ ਕਿਸੇ ਵੀ ਠੱਗੀ ਦੇ ਮਾਮਲੇ ’ਚ ਤੁਰੰਤ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਅਜਿਹੇ ਠੱਗਾਂ ‘ਤੇ ਕਾਰਵਾਈ ਕੀਤੀ ਜਾ ਸਕੇ। -ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ