ਲੁੱਟ-ਖੋਹ ਦੇ ਮਾਮਲੇ ’ਚ ਲੋੜੀਂਦਾ ਕਾਬੂ ਲੁੱਟ ਖੋਹ ਦੇ ਮਾਮਲੇ ’ਚ ਲੋੜੀਂਦਾ ਇਕ ਕਾਬੂ
Publish Date: Sun, 13 Sep 2026 08:12 PM (IST)
Updated Date: Sun, 13 Sep 2026 08:14 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ’ਚ ਸ਼ਾਮਲ ਅਪਰਾਧੀਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਨੰਬਰ ਸੱਤ ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਅਨਿਲ ਉਰਫ ਨੰਦੂ ਵਾਸੀ ਪਿੰਡ ਮਲਕੋ ਥਾਣਾ ਲਾਂਬੜਾ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਖੋਹ ਤੇ ਚੋਰੀ ਦੇ ਚਾਰ ਮਾਮਲੇ ਦਰਜ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ 8 ਅਗਸਤ 2026 ਦੀ ਸਵੇਰ ਨੂੰ ਕਰੀਬ 8:00 ਵਜੇ, ਸ਼ਿਵ ਵਿਹਾਰ ਦੇ ਰਹਿਣ ਵਾਲੇ ਅਸ਼ੋਕ ਬੱਤਰਾ ਆਪਣੀ ਪਤਨੀ ਨਾਲ ਸਵੇਰ ਦੀ ਸੈਰ ਲਈ ਸ਼ਿਵ ਵਿਹਾਰ ਤੋਂ ਗੁਰਮੀਤ ਨਗਰ ਗੇਟ ਵੱਲ ਜਾ ਰਹੇ ਸਨ। ਉਸ ਸਮੇਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਉਨ੍ਹਾਂ ਦਾ ਸਾਮਾਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਥਾਣਾ ਡਵੀਜ਼ਨ ਨੰਬਰ 7 ਵਿਖੇ ਬੀਐੱਨਐੱਸ ਦੀ ਧਾਰਾ 309(5), 109 ਤੇ 3(5) ਤਹਿਤ ਐੱਫਆਈਆਰ (ਨੰਬਰ 192) ਦਰਜ ਕੀਤੀ ਗਈ ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਟੀਮ ਨੇ ਲੋੜੀਂਦੇ ਮੁਲਜ਼ਮ ਅਨਿਲ ਉਰਫ ਨੰਦੂ ਨੂੰ 8 ਸਤੰਬਰ 2026 ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ ਤੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।