- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੌਕੀ ਤੋਂ ਘਰ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ

-ਪਰਿਵਾਰ ਨੇ ਚੌਕੀ ’ਚ ਕੁੱਟਮਾਰ ਦੇ ਲਾਏ ਦੋਸ਼, ਐੱਸਆਈ ਖ਼ਿਲਾਫ਼ ਕਾਰਵਾਈ ਦੀ ਮੰਗ; ਡੀਐਸਪੀ ਦੇ ਦਖ਼ਲ ਤੋਂ ਬਾਅਦ ਮਾਮਲਾ ਸ਼ਾਂਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਅਧੀਨ ਪੈਂਦੇ ਪਿੰਡ ਬੂਟਰਾ ਦੇ ਕਰੀਬ 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਕਾਲੀ ਵਜੋਂ ਹੋਈ ਹੈ। ਪਰਿਵਾਰ ਅਨੁਸਾਰ ਨੌਜਵਾਨ ਨੂੰ ਕਥਿਤ ਨਸ਼ਾ ਤਸਕਰੀ ਦੇ ਮਾਮਲੇ ’ਚ ਲਾਹਦੜਾ ਚੌਕੀ ਵਿਖੇ ਹਿਰਾਸਤ ’ਚ ਲਿਆ ਗਿਆ ਸੀ। ਬਾਅਦ ’ਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਉਸ ਨੂੰ ਛੁਡਵਾ ਕੇ ਘਰ ਲਿਆਂਦਾ ਗਿਆ। ਰਾਤ ਨੂੰ ਸੌਣ ਤੋਂ ਬਾਅਦ ਐਤਵਾਰ ਸਵੇਰੇ ਨੌਜਵਾਨ ਘਰ ’ਚ ਮ੍ਰਿਤਕ ਮਿਲਿਆ। ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਲਾਹਦੜਾ ਚੌਕੀ ਪਹੁੰਚੇ। ਪਰਿਵਾਰ ਨੇ ਦੋਸ਼ ਲਗਾਇਆ ਕਿ ਚੌਕੀ ਵਿੱਚ ਨੌਜਵਾਨ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਘਰ ਆ ਕੇ ਉਸ ਦੀ ਸਿਹਤ ਵਿਗੜ ਗਈ। ਪਰਿਵਾਰ ਨੇ ਚੌਕੀ ਇੰਚਾਰਜ ਐਸਆਈ ਬਲਵੀਰ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨੌਜਵਾਨ ਨੂੰ ਛੁਡਵਾਉਣ ਲਈ ਕਥਿਤ ਤੌਰ ’ਤੇ ਪੈਸੇ ਲਏ ਜਾਣ ਦੇ ਦੋਸ਼ ਵੀ ਲਗਾਏ ਗਏ।
ਮਾਮਲੇ ਦੀ ਜਾਣਕਾਰੀ ਮਿਲਣ ’ਤੇ ਡੀਐੱਸਪੀ ਰਾਜੀਵ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਰਿਵਾਰ ਵੱਲੋਂ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੀ ਮੰਗ ਰੱਖੀ ਗਈ। ਇਸ ਦੌਰਾਨ ਪੀੜਤ ਪਰਿਵਾਰ ਦੇ ਖਾਤੇ ਵਿੱਚ 3 ਲੱਖ ਰੁਪਏ ਜਮ੍ਹਾਂ ਕਰਵਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ, ਜਦੋਂਕਿ ਨੌਜਵਾਨ ਨੂੰ ਛੁਡਵਾਉਣ ਲਈ ਦਿੱਤੀ ਗਈ ਕਥਿਤ ਰਕਮ ਵਾਪਸ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਉਧਰ, ਚੌਕੀ ਇੰਚਾਰਜ ਐਸਆਈ ਬਲਵੀਰ ਸਿੰਘ ਨੇ ਪਰਿਵਾਰ ਵੱਲੋਂ ਲਗਾਏ ਕੁੱਟਮਾਰ ਅਤੇ ਪੈਸੇ ਲੈਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਵੱਲੋਂ ਕੋਈ ਰਕਮ ਨਹੀਂ ਲਈ ਗਈ। ਫਿਲਹਾਲ ਨੌਜਵਾਨ ਦੀ ਮੌਤ ਦੇ ਕਾਰਨਾਂ ਸਬੰਧੀ ਪਰਿਵਾਰ ਅਤੇ ਪੁਲਿਸ ਦੇ ਦਾਅਵੇ ਵੱਖ-ਵੱਖ ਹਨ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਉੱਠ ਰਹੀ ਹੈ।