- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤ ਦੀ ਚੇਨ ਝਪਟਣ ਵਾਲਾ ਇਕ ਕਾਬੂ, ਦੂਜੇ ਦੀ ਤਲਾਸ਼ ਜਾਰੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਹੱਦ ’ਚ ਪੈਂਦੇ ਇਲਾਕੇ ’ਚੋਂ ਪਿਛਲੇ ਦਿਨ ਇਕ ਔਰਤ ਦੀ ਸਵੇਰੇ ਸਵੇਰੇ ਚੇਨ ਝਪਟ ਲਈ ਗਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸਦੀ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਦੋ ਸਨੈਚਰਾਂ ਦੀ ਪਛਾਣ ਕਰ ਲਈ ਤੇ ਪੁਲਿਸ ਨੇ ਇਕ ਸਨੈਚਰ ਨੂੰ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਹੈ ਜਦਕਿ ਦੂਜੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਰਾਕੇਸ਼ ਯਾਦਵ ਨੇ ਦੱਸਿਆ ਕਿ 20 ਜੁਲਾਈ ਨੂੰ ਥਾਣਾ ਨੰਬਰ ਸੱਤ ਦੀ ਪੁਲਿਸ ਨੂੰ ਵਿਵੇਕ ਅਰੋੜਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਵੇਰੇ 7 ਵਜੇ ਉਸਦੀ ਪਤਨੀ ਸੰਦੀਪ ਕੌਰ ਜਾਨਵਰਾਂ ਨੂੰ ਪਾਣੀ ਪਿਲਾਉਣ ਲਈ ਐੱਸਏਐੱਸ ਨਗਰ ਐਕਸਟੈਂਸ਼ਨ ਵੱਲ ਗਈ ਸੀ। ਇਸ ਦੌਰਾਨ ਸਕੂਟਰ ’ਤੇ ਆਏ ਦੋ ਨੌਜਵਾਨਾਂ ਨੇ ਤੇਜਧਾਰ ਹਥਿਆਰ ਨਾਲ ਉਸਦੀ ਬਾਂਹ ’ਤੇ ਹਮਲਾ ਕਰਕੇ ਉਸ ਦੇ ਗਲੇ ’ਚ ਪਾਈ ਸੋਨੇ ਦੀ ਚੇਨ ਸਮੇਤ ਲੋਕਟ ਝਪਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਗਈ ਜਿਸ ’ਚ ਲੁਟੇਰਿਆਂ ਦੇ ਸਕੂਟਰ ਦਾ ਨੰਬਰ ਕੈਦ ਹੋ ਚੁੱਕਾ ਸੀ। ਪੁਲਿਸ ਨੇ ਜਾਂਚ ਦੌਰਾਨ ਇਸ ਮਾਮਲੇ ’ਚ ਰਾਜਾ ਵਾਸੀ ਸਟਾਫ ਕਾਲੋਨੀ ਸਿਵਲ ਹਸਪਤਾਲ ਤੇ ਰਾਜਨ ਕੁਮਾਰ ਵਾਸੀ ਬਸਤੀ ਮਿੱਠੂ ਖਿਲਾਫ ਮਾਮਲਾ ਦਰਜ ਕੀਤਾ ਸੀ। ਥਾਣਾ ਨੰਬਰ ਸੱਤ ਦੇ ਐੱਸਐੱਚਓ ਰਵਿੰਦਰ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਸ਼ੁੱਕਰਵਾਰ ਪਿਮਸ ਟੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਖਬਰ ਦੀ ਇਤਲਾਹ ’ਤੇ ਰਾਜਨ ਕੁਮਾਰ ਨੂੰ ਕਾਬੂ ਕਰ ਲਿਆ। ਏਡੀਸੀਪੀ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਉਸ ਕੋਲੋਂ ਲੁੱਟੀ ਹੋਈ ਚੇਨੀ ਬਰਾਮਦ ਕੀਤੀ ਜਾਵੇਗੀ ਤੇ ਉਸ ਦੇ ਸਾਥੀ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।