- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਮਜ਼ਦੂਰਾਂ ਨੇ ਅਵਤਾਰ ਪਾਸ਼ ਦੇ ਜਨਮ ਦਿਹਾੜੇ ਦੀ ਤਿਆਰੀ ਮੌਕੇ ਉੱਗੀ 'ਚ ਪਾਸ਼

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਕੌਮਾਂਤਰੀ ਪ੍ਰਸਿੱਧੀ ਵਾਲੇ ਇਨਕਲਾਬੀ ਸ਼ਾਇਰ ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਦੇ ਸਮਾਗਮ ਦੀ ਤਿਆਰੀ ਲਈ ਅੱਜ ਇਥੋਂ ਥੋੜੀ ਦੂਰ ਕਸਬਾ ਉੱਗੀ ਵਿਖੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਸਾਂਝਾ ਮਾਰਚ ਕਰਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ ਹੋ ਰਹੇ ਪੰਜਾਬ ਪੱਧਰੇ ਸਮਾਗਮ 'ਚ ਪਰਿਵਾਰਾਂ ਸਮੇਤ ਪਹੁੰਚਣ। ਅਵਤਾਰ ਪਾਸ਼ ਤੇ ਉਸਦੇ ਦੋਸਤ ਹੰਸਰਾਜ ਦੀ ਯਾਦ ’ਚ ਪਿੰਡ 'ਚ ਇਕ ਕੰਪਲੈਕਸ ਦੀ ਉਸਾਰੀ ਕੀਤੀ ਗਈ ਸੀ ਪਰ ਪਿਛਲੇ ਦਿਨੀਂ ਪਿੰਡ ਦੇ ਸਰਪੰਚ ਤੇ ਉਸਦੇ ਕੁਝ ਹਮਾਇਤੀਆਂ ਵੱਲੋਂ ਇਸ ਯਾਦਗਾਰ ਦੇ ਤਾਲੇ ਤੋੜ ਕੇ ਉਸ ਅੰਦਰ ਝੂਲੇ ਤੇ ਓਪਨ ਜਿਮ ਸਥਾਪਤ ਕੀਤੀ ਗਈ ਹੈ ਜਿਸਦਾ ਲੇਖਕਾਂ, ਬੁੱਧੀਜੀਵੀਆਂ ਤੇ ਮਜ਼ਦੂਰਾਂ ਕਿਸਾਨਾਂ ਤੇ ਇਨਸਾਫ਼ ਪਸੰਦ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦੇ ਵਿਰੋਧ ’ਚ ਅੱਡਾ ਉੱਗੀ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਅੱਜ ਇਥੇ ਬੱਸ ਅੱਡਾ ਉੱਗੀ ’ਤੇ ਬੋਲਦਿਆਂ ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਐਡਵੋਕੇਟ ਸੁਰਿੰਦਰ ਖੀਵਾ, ਸਾਬਕਾ ਮੁਲਾਜ਼ਮ ਆਗੂ ਹਿੰਮਤ ਸਿੰਘ, ਮਜ਼ਦੂਰ ਆਗੂ ਸਤਨਾਮ ਉੱਗੀ ਤੇ ਹਰਮੇਸ਼ ਮਾਲੜੀ ਨੇ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਸਰਪੰਚ ਨੂੰ ਆਮ ਆਦਮੀ ਪਾਰਟੀ ਦੀ ਸ਼ਹਿ ਹੋਣ ਕਰਕੇ ਪ੍ਰਸ਼ਾਸਨ ਸਰਪੰਚ 'ਤੇ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਯਾਦਗਾਰ ਅੰਦਰੋਂ ਓਪਨ ਜਿਮ ਹਟਾ ਕੇ ਸਰਕਾਰ ਇਸ ਨੂੰ ਸ਼ਹੀਦੀ ਯਾਦਗਾਰ ਵਜੋਂ ਮਾਨਤਾ ਦੇਵੇ। ਅਜਿਹਾ ਨਾ ਹੋਣ ਦੀ ਸੂਰਤ ’ਚ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।