- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਚੜ੍ਹਦਾ ਤੇ ਲਹਿੰਦਾ ਪੰਜਾਬ ਹੋਣਗੇ ਆਹਮੋ-ਸਾਹਮਣੇ

-1 ਨਵੰਬਰ ਨੂੰ ਜਲੰਧਰ ’ਚ ਭਾਰਤ-ਪਾਕਿਸਤਾਨ ਹਾਕੀ ਟਾਕਰੇ ’ਤੇ ਬੋਲੇ ਨਿਤਿਨ ਕੋਹਲੀ
--ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਨੇ 'ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ 2026' ਨੂੰ ਪੰਜਾਬ ’ਚ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ’ਚ ਇੰਨੇ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਮੁੱਖ ਮੰਤਰੀ ਦੀ ਖੇਡਾਂ ਪ੍ਰਤੀ ਅਗਾਂਹਵਧੂ ਸੋਚ, ਪੰਜਾਬ ਦੀ ਅਮੀਰ ਖੇਡ ਵਿਰਾਸਤ ਦੇ ਸਤਿਕਾਰ ਤੇ ਸੂਬੇ ਨੂੰ ਦੇਸ਼ ਦਾ ਮੋਹਰੀ ਖੇਡ ਕੇਂਦਰ ਬਣਾਉਣ ਦੇ ਸੰਕਲਪ ਨੂੰ ਦਰਸਾਉਂਦੀ ਹੈ। ਇਸ ਵੱਕਾਰੀ ਟੂਰਨਾਮੈਂਟ ਦੇ ਰਸਮੀ ਪ੍ਰੋਗਰਾਮ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਏਸ਼ੀਆਈ ਹਾਕੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਭੋਲਾ ਨਾਥ, ਹਾਕੀ ਇੰਡੀਆ ਦੇ ਪ੍ਰਧਾਨ ਆਰਪੀ ਸਿੰਘ ਤੇ ਡਾਇਰੈਕਟਰ ਜਨਰਲ ਕਮਾਂਡਰ ਆਰਕੇ ਸ਼੍ਰੀਵਾਸਤਵ ਦੀ ਮੌਜੂਦਗੀ ’ਚ ਕੀਤਾ ਗਿਆ।
------------------------
ਦੋਵੇ ਪਾਸਿਆਂ ਦੇ ਵਾਸੀਆਂ ਲਈ ਰੱਖਦੈ ਅਹਿਮੀਅਤ
ਟੂਰਨਾਮੈਂਟ ਦੌਰਾਨ 1 ਨਵੰਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਦੇ ਹਾਈ-ਵੋਲਟੇਜ ਮੁਕਾਬਲੇ ਬਾਰੇ ਬੋਲਦਿਆਂ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਮੈਚ ਸਰਹੱਦ ਦੇ ਦੋਵੇਂ ਪਾਸੇ ਰਹਿਣ ਵਾਲੇ ਪੰਜਾਬੀਆਂ ਲਈ ਵਿਸ਼ੇਸ਼ ਭਾਵਨਾਤਮਕ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ, “ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਇਕ-ਦੂਜੇ ਦੇ ਖ਼ਿਲਾਫ਼ ਖੇਡਣਗੇ। ਮੇਰੇ ਲਈ ਨਿੱਜੀ ਤੌਰ 'ਤੇ ਤੇ ਦੁਨੀਆ ਭਰ ਦੇ ਪੰਜਾਬੀਆਂ ਲਈ ਇਹ ਬਹੁਤ ਹੀ ਭਾਵੁਕ ਤੇ ਯਾਦਗਾਰੀ ਪਲ ਹੈ। ਹਾਕੀ ਦੇ ਗੜ੍ਹ ਜਲੰਧਰ ’ਚ ਭਾਰਤ ਤੇ ਪਾਕਿਸਤਾਨ ਨੂੰ ਭਿੜਦਿਆਂ ਦੇਖਣਾ ਇਤਿਹਾਸਕ ਹੋਵੇਗਾ।” ਉਨ੍ਹਾਂ 40 ਸਾਲਾਂ ਤੋਂ ਹਾਕੀ ਨਾਲ ਜੁੜੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਹੱਦ ਪਾਰ ਦੇ ਪੰਜਾਬੀਆਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ।
----------------------------
27 ਅਕਤੂਬਰ ਤੋਂ ਸ਼ੁਰੂ ਹੋਵੇਗਾ ਹਾਕੀ ਦਾ ਮਹਾਕੁੰਭ, ਦਰਸ਼ਕਾਂ ਲਈ ਮੁਫ਼ਤ ਐਂਟਰੀ
ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਦਾ ਆਗਾਜ਼ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋਵੇਗਾ। ਇਸ ਪ੍ਰਤੀਯੋਗਤਾ ’ਚ ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਤੇ ਕੋਰੀਆ ਦੀਆਂ ਮਜ਼ਬੂਤ ਟੀਮਾਂ ਖ਼ਿਤਾਬ ਲਈ ਭਿੜਨਗੀਆਂ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਹਾਕੀ ਸਟੇਡੀਅਮ ’ਚ ਖੇਡਿਆ ਜਾਵੇਗਾ। ਕੋਹਲੀ ਨੇ ਸਾਰੇ ਮੈਚਾਂ ਲਈ ਦਰਸ਼ਕਾਂ ਨੂੰ ਮੁਫ਼ਤ ਦਾਖ਼ਲਾ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ, ਖਿਡਾਰੀਆਂ ਤੇ ਪਰਿਵਾਰਾਂ ਨੂੰ ਅੰਤਰਰਾਸ਼ਟਰੀ ਹਾਕੀ ਦੇਖਣ ਦਾ ਸੁਨਹਿਰੀ ਮੌਕਾ ਮਿਲੇਗਾ।
------------------------
ਭਾਰਤੀ ਹਾਕੀ ਦੀ ਰੂਹ ਤੇ ਨੌਜਵਾਨਾਂ ਲਈ ਪ੍ਰੇਰਨਾ
ਜਲੰਧਰ ਵਿਖੇ ਮੈਚ ਕਰਵਾਏ ਜਾਣ ਬਾਰੇ ਕੋਹਲੀ ਨੇ ਕਿਹਾ ਕਿ ਇਹ ਸ਼ਹਿਰ ਸਿਰਫ਼ ਇਕ ਸ਼ਹਿਰ ਨਹੀਂ, ਸਗੋਂ ਭਾਰਤੀ ਹਾਕੀ ਦੀ ਰੂਹ ਹੈ। ਇਸ ਸ਼ਹਿਰ ਨੇ ਦੇਸ਼ ਨੂੰ ਅਣਗਿਣਤ ਓਲੰਪੀਅਨ ਦਿੱਤੇ ਹਨ ਤੇ ਖੇਡ ਸਮਾਨ ਦੀ ਉਦਯੋਗਿਕ ਪਛਾਣ ’ਚ ਦੁਨੀਆ ਭਰ 'ਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ, “ਅੱਜ ਸਟੇਡੀਅਮ 'ਚ ਬੈਠ ਕੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਖੇਡਦਿਆਂ ਦੇਖ ਕੇ ਹੀ ਪੰਜਾਬ ਦੇ ਬੱਚਿਆਂ ਅੰਦਰ ਭਾਰਤੀ ਟੀਮ ਦੀ ਜਰਸੀ ਪਾਉਣ ਦਾ ਸੁਪਨਾ ਤੇ ਜਜ਼ਬਾ ਪੈਦਾ ਹੁੰਦਾ ਹੈ। ਬੱਲੇ-ਬੱਲੇ ਕਰਵਾਉਣ ਵਾਲੇ ਇਹ ਖੇਡ ਪ੍ਰਬੰਧਕ ਨੌਜਵਾਨਾਂ 'ਚ ਨਵਾਂ ਆਤਮ-ਵਿਸ਼ਵਾਸ ਭਰਨਗੇ।”
-------------------------
ਪੁਰਾਣੀ ਵਿਰਾਸਤ ਦੇ ਨਾਲ ਨਵਾਂ ਇਤਿਹਾਸ ਸਿਰਜਣ ਦਾ ਵੇਲਾ
ਨਿਤਿਨ ਕੋਹਲੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਿਰਫ਼ ਆਪਣੀ ਪੁਰਾਣੀ ਖੇਡ ਵਿਰਾਸਤ 'ਤੇ ਮਾਣ ਕਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਨਵਾਂ ਇਤਿਹਾਸ ਵੀ ਸਿਰਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਆਯੋਜਨ ਨਾਲ ਪੰਜਾਬ ਦੇ ਖੇਡ ਸੱਭਿਆਚਾਰ, ਖੇਡ ਉਦਯੋਗ, ਖਾਣ-ਪੀਣ ਤੇ ਟੂਰਿਜ਼ਮ ਨੂੰ ਵੀ ਅੰਤਰਰਾਸ਼ਟਰੀ ਪੱਧਰ 'ਤੇ ਵੱਡਾ ਹੁਲਾਰਾ ਮਿਲੇਗਾ। ਹਾਕੀ ਪੰਜਾਬ ਨੇ ਵਿਸ਼ਵਾਸ ਦਿਵਾਇਆ ਕਿ ਇਸ ਇਤਿਹਾਸਕ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।