ਹੁਣ 25 ਦਿਨਾਂ ਬਾਅਦ ਹੀ ਹੋਵੇਗੀ ਸਿਲੰਡਰ ਬੁਕਿੰਗ
ਤੇਲ ਕੰਪਨੀਆਂ ਨੇ ਫੈਸਲਾ ਵਾਪਸ ਲਿਆ, ਹੁਣ 25 ਦਿਨਾਂ ਬਾਅਦ ਹੀ ਹੋਵੇਗੀ ਸਿਲੰਡਰ ਬੁਕਿੰਗ
Publish Date: Thu, 26 Mar 2026 10:03 PM (IST)
Updated Date: Thu, 26 Mar 2026 10:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਘਰੇਲੂ ਗੈਸ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਤੇਲ ਕੰਪਨੀਆਂ ਵੱਲੋਂ ਸਿਲੰਡਰ ਡਲਿਵਰੀ ਤੋਂ 35 ਦਿਨਾਂ ਬਾਅਦ ਦੁਬਾਰਾ ਬੁਕਿੰਗ ਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ। ਹੁਣ ਖਪਤਕਾਰ ਪਹਿਲਾਂ ਵਾਂਗ 25 ਦਿਨਾਂ ਬਾਅਦ ਹੀ ਨਵਾਂ ਸਿਲੰਡਰ ਬੁਕ ਕਰਵਾ ਸਕਣਗੇ। ਹਾਲਾਂਕਿ, ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਇਹ ਨਿਯਮ ਜਿਉਂ ਦਾ ਤਿਉਂ ਰਹੇਗਾ। ਇਸ ਯੋਜਨਾ ਹੇਠ ਆਉਣ ਵਾਲੇ ਖਪਤਕਾਰ ਸਿਲੰਡਰ ਡਲਿਵਰੀ ਤੋਂ 45 ਦਿਨਾਂ ਬਾਅਦ ਹੀ ਦੁਬਾਰਾ ਬੁਕਿੰਗ ਕਰਵਾ ਸਕਣਗੇ। ਕਾਬਿਲੇਗ਼ੌਰ ਹੈ ਕਿ ਹਾਲ ਹੀ ’ਚ ਈਰਾਨ-ਇਜ਼ਰਾਇਲ ਤਣਾਅ ਕਾਰਨ ਗੈਸ ਸਪਲਾਈ ’ਤੇ ਪਏ ਅਸਰ ਨੂੰ ਦੇਖਦੇ ਹੋਏ ਤਿੰਨੇ ਮੁੱਖ ਤੇਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਬੁਕਿੰਗ ਦੀ ਮਿਆਦ 25 ਤੋਂ ਵਧਾ ਕੇ 35 ਦਿਨ ਕਰ ਦਿੱਤੀ ਗਈ ਸੀ। ਇਸ ਸਬੰਧੀ ਗੈਸ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਤੇ ਆਨਲਾਈਨ ਸਿਸਟਮ ’ਚ ਵੀ ਤਬਦੀਲੀਆਂ ਕੀਤੀਆਂ ਗਈਆਂ ਸਨ। ਹੁਣ ਗੈਸ ਸਪਲਾਈ ’ਚ ਸੁਧਾਰ ਆਉਣ ਤੋਂ ਬਾਅਦ ਕੰਪਨੀਆਂ ਨੇ ਇਹ ਪਾਬੰਦੀ ਹਟਾ ਕੇ ਮੁੜ 25 ਦਿਨਾਂ ਦੀ ਮਿਆਦ ਲਾਗੂ ਕਰ ਦਿੱਤੀ ਹੈ। ਇੰਡੀਅਨ ਆਇਲ ਦੇ ਡੀਜੀਐੱਮ ਰਾਘਵਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਸਹੂਲਤ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋੜ ਅਨੁਸਾਰ ਹੀ ਸਲਿੰਡਰ ਬੁਕ ਕੀਤਾ ਜਾਵੇ।