- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਲੀ ਲਈ ਬੱਸਾਂ ਦੀ ‘ਡਿਊਟੀ’ ’ਚ ਰੁੱਝੇ ਅਧਿਕਾਰੀਆਂ ਨੂੰ ਲਿਆ ਲੰਮੇ ਹੱਥੀਂ

-ਢੀਂਡਸਾ ਬੋਲੇ, ਲੋਕਾਂ ਦੀ ਸੇਵਾ ਦੀ ਬਜਾਏ ਸਰਕਾਰ ਦੇ ਕੰਮ ਕਰਨ ’ਚ ਲੱਗੇ ਅਧਿਕਾਰੀ
-ਬੇਰੀ ਦੀ ਚਿਤਾਵਨੀ, ਸਰਕਾਰ ਆਉਣ ’ਤੇ ਤੰਗ ਕਰਨ ਵਾਲਿਆਂ ਦਾ ਹੋਵੇਗਾ ਹਿਸਾਬ
ਲਖਬੀਰ, ਪੰਜਾਬੀ ਜਾਗਰਣ, ਜਲੰਧਰ :
26 ਨਵੰਬਰ ਨੂੰ ਮੋਗਾ ਰੈਲੀ ਲਈ ਬੱਸਾਂ ਦਾ ਪ੍ਰਬੰਧ ਕਰਨ ਵਿੱਚ ਰੁੱਝੇ ਟਰਾਂਸਪੋਰਟ ਵਿਭਾਗ ਦੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਕਾਰਨ ਸ਼ੁੱਕਰਵਾਰ ਨੂੰ ਡਰਾਈਵਿੰਗ ਟੈਸਟ ਟਰੈਕ ’ਤੇ ਆਮ ਲੋਕ ਕੰਮਾਂ ਲਈ ਧੱਕੇ ਖਾਂਦੇ ਰਹੇ। ਇਸ ਨੂੰ ਲੈ ਕੇ ਵਿਰੋਧੀ ਸਿਆਸੀ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰਿਆ ਹੈ। ਅਕਾਲੀ ਦਲ ਦੇ ਜਲੰਧਰ ਨਾਰਥ ਤੋਂ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਅਧਿਕਾਰੀਆਂ ’ਤੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਰਕਾਰ ਦੇ ਕੰਮ ਕਰਨ ਵਿੱਚ ਲੱਗੇ ਹੋਣ ਦਾ ਦੋਸ਼ ਲਾਇਆ, ਜਦਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਚਿਤਾਵਨੀ ਦਿੱਤੀ ਕਿ ਕਾਂਗਰਸ ਸਰਕਾਰ ਆਉਣ ’ਤੇ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਹਿਸਾਬ ਕੀਤਾ ਜਾਵੇਗਾ। ਉੱਧਰ, ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਬਣਵਾਉਣ ਤੋਂ ਇਲਾਵਾ ਕਈ ਹੋਰ ਕੰਮ ਕਰਵਾਉਣ ਆਏ ਬਿਨੈਕਾਰ ਦੋ ਦਿਨਾਂ ਤੋਂ ਸਿਰਫ਼ ਏਆਰਟੀਓ ਦੀ ਮਨਜ਼ੂਰੀ ਦੀ ਉਡੀਕ ਕਰਦੇ ਰਹੇ। ਜਾਣਕਾਰੀ ਅਨੁਸਾਰ ਏਆਰਟੀਓ ਸੰਦੀਪ ਭਾਰਤੀ ਸਮੇਤ ਟਰਾਂਸਪੋਰਟ ਵਿਭਾਗ ਦੇ ਕਈ ਅਧਿਕਾਰੀ ਅਤੇ ਮੁਲਾਜ਼ਮ ਸ਼ੁੱਕਰਵਾਰ ਨੂੰ 26 ਨਵੰਬਰ ਨੂੰ ਹੋਣ ਵਾਲੀ ਮੋਗਾ ਵਿਖੇ ਰੈਲੀ ਲਈ ਬੱਸਾਂ ਦੇ ਪ੍ਰਬੰਧ ਕਰਨ ਵਿੱਚ ਲੱਗੇ ਰਹੇ। ਇਸ ਦੌਰਾਨ ਡਰਾਈਵਿੰਗ ਟੈਸਟ ਟਰੈਕ ਅਤੇ ਆਰਟੀਓ ਦਫਤਰ ’ਚ ਪਹੁੰਚੇ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਦਿਖੇ। ਕਈ ਲੋਕ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਲਾਉਂਦੇ ਰਹੇ ਪਰ ਉਨ੍ਹਾਂ ਨੂੰ ਸਮੇਂ ਸਿਰ ਸਹੂਲਤ ਨਹੀਂ ਮਿਲ ਸਕੀ।
---
ਅਧਿਕਾਰੀਆਂ ਦਾ ਪਹਿਲਾਂ ਫਰਜ਼ ਲੋਕਾਂ ਦੇ ਕੰਮ ਕਰਨਾ : ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਨਾਰਥ ਤੋਂ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਇਸ ਮਾਮਲੇ ’ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦਾ ਪਹਿਲਾ ਫਰਜ਼ ਆਮ ਲੋਕਾਂ ਦੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ’ਚ ਆਉਂਦੇ ਹਨ ਪਰ ਉਨ੍ਹਾਂ ਨੂੰ ਸਹੂਲਤ ਦੇਣ ਦੀ ਬਜਾਏ ਅਧਿਕਾਰੀ ਸਰਕਾਰ ਦੀਆਂ ਰੈਲੀਆਂ ਲਈ ਬੱਸਾਂ ਦੇ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਅਧਿਕਾਰੀ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਰਕਾਰ ਦੀ ਤਲਵਾ ਚੱਟਣ ਵਿੱਚ ਲੱਗੇ ਹੋਏ ਹਨ। ਸਰਕਾਰੀ ਮਸ਼ੀਨਰੀ ਦੀ ਵਰਤੋਂ ਲੋਕਾਂ ਦੀ ਸਹੂਲਤ ਲਈ ਹੋਣੀ ਚਾਹੀਦੀ ਹੈ ਨਾ ਕਿ ਸਿਆਸੀ ਰੈਲੀਆਂ ਦੇ ਪ੍ਰਬੰਧਾਂ ਲਈ।
---
ਸਿਆਸੀ ਰੈਲੀਆਂ ਦੇ ਪ੍ਰਬੰਧਾਂ ਨੂੰ ਪਹਿਲ ਦੇਣਾ ਗ਼ਲਤ : ਬੇਰੀ
ਕਾਂਗਰਸ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਵੀ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਜਿਹੜੇ ਅਧਿਕਾਰੀ ਅਤੇ ਮੁਲਾਜ਼ਮ ਲੋਕਾਂ ਨੂੰ ਤੰਗ-ਪਰੇਸ਼ਾਨ ਕਰਕੇ ਸਰਕਾਰ ਦੀ ਰੈਲੀ ਲਈ ਬੱਸਾਂ ਦੇ ਇੰਤਜ਼ਾਮ ਵਿੱਚ ਲੱਗੇ ਰਹੇ, ਉਨ੍ਹਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਅਜਿਹੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਹਿਸਾਬ ਕੀਤਾ ਜਾਵੇਗਾ, ਜਿਹੜੇ ਆਪਣੀ ਸਰਕਾਰੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਲੋਕਾਂ ਦੇ ਕੰਮ ਰੋਕ ਕੇ ਸਿਆਸੀ ਰੈਲੀਆਂ ਦੇ ਪ੍ਰਬੰਧਾਂ ਨੂੰ ਪਹਿਲ ਦਿੰਦੇ ਹਨ।
---
ਸ਼ਨਿਚਰਵਾਰ ਵੀ ਕੀਤਾ ਜਾ ਸਕਦਾ ਸੀ ਬੱਸਾਂ ਦਾ ਪ੍ਰਬੰਧ
ਹੈਰਾਨੀ ਦੀ ਗੱਲ ਹੈ ਕਿ ਜੇ ਮੋਗਾ ਰੈਲੀ ਲਈ ਬੱਸਾਂ ਦਾ ਪ੍ਰਬੰਧ ਕਰਨਾ ਲਾਜ਼ਮੀ ਸੀ ਤਾਂ ਇਹ ਕੰਮ ਸ਼ਨਿਚਰਵਾਰ ਦੀ ਛੁੱਟੀ ਵਾਲੇ ਦਿਨ ਵੀ ਕੀਤਾ ਜਾ ਸਕਦਾ ਸੀ ਪਰ ਸ਼ੁੱਕਰਵਾਰ ਨੂੰ ਹੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਸ ਕੰਮ ਵਿੱਚ ਲਗਾਉਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਸ਼ਨੀਵਾਰ ਅਤੇ ਐਤਵਾਰ ਦੀਆਂ ਲਗਾਤਾਰ ਦੋ ਛੁੱਟੀਆਂ ਕਾਰਨ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਦੀ ਮਨਜ਼ੂਰੀ ਲਈ ਬਿਨੈਕਾਰ ਨੂੰ ਸੋਮਵਾਰ ਤੱਕ ਉਡੀਕ ਕਰਨੀ ਪਵੇਗੀ।
---
ਆਰਟੀਓ ਤੁਸ਼ਿਤਾ ਗੁਲਾਟੀ ਨੇ ਨਹੀਂ ਦਿੱਤਾ ਪੱਖ
ਇਸ ਸਬੰਧੀ ਜਦੋਂ ਆਰਟੀਓ ਤੁਸ਼ਿਤਾ ਗੁਲਾਟੀ ਕੋਲੋਂ ਪੱਖ ਲੈਣ ਲਈ ਉਨ੍ਹਾਂ ਦੇ ਨੰਬਰ 62809-26636 ’ਤੇ ਸ਼ਨਿਚਰਵਾਰ ਦੁਪਹਿਰ 11.42 ‘ਤੇ ਵ੍ਹਟਸਐਪ ਮੈਸੇਜ ਕੀਤਾ ਪਰ ਉਨ੍ਹਾਂ ਨੇ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਅਜਿਹਾ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਆਰਟੀਓ ਤੁਸ਼ਿਤਾ ਗੁਲਾਟੀ ਕੋਲੋਂ ਖਬਰ ਸਬੰਧੀ ਪੱਖ ਲੈਣਾ ਚਾਹਿਆ ਹੋਵੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਹੋਵੇ।