- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਡਿਊਟੀ ਕਾਰਨ ਰਜਿਸਟਰੀਆਂ ਦਾ ਕੰਮ ਲੇਟ, ਕਈ ਪਰਤੇ ਬੇਰੰਗ!

-140 ਅਪੁਆਇੰਟਮੈਂਟਾਂ ’ਚੋਂ 80 ਦਸਤਾਵੇਜ਼ ਹੋ ਸਕੇ ਦਰਜ
-ਪਹਿਲਾਂ ਤੋਂ ਸਮਾਂ ਲੈ ਕੇ ਪਹੁੰਚੇ ਲੋਕਾਂ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਐੱਸਆਰ ਦਫ਼ਤਰ-1 ਵਿੱਚ ਰਜਿਸਟਰੀ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਇੱਕ ਵਾਰ ਫਿਰ ਦਫ਼ਤਰੀ ਪ੍ਰਬੰਧਾਂ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਪਰੇਸ਼ਾਨੀ ਦਾ ਕਾਰਨ ਐੱਸਆਰ-1 ਗੁਰਪ੍ਰੀਤ ਸਿੰਘ ਦੀ ਸਰਕਾਰੀ ਡਿਊਟੀ ਰਹੀ, ਜਿਸ ਕਾਰਨ ਦਫ਼ਤਰ ਵਿੱਚ ਰਜਿਸਟਰੀਆਂ ਦਾ ਕੰਮ ਨਿਰਧਾਰਤ ਸਮੇਂ ’ਤੇ ਸ਼ੁਰੂ ਨਹੀਂ ਹੋ ਸਕਿਆ। ਪਹਿਲਾਂ ਤੋਂ ਅਪੁਆਇੰਟਮੈਂਟ ਲੈ ਕੇ ਪਹੁੰਚੇ ਲੋਕ ਸਵੇਰ ਤੋਂ ਹੀ ਆਪਣੇ ਕੰਮ ਦੀ ਉਡੀਕ ਕਰਦੇ ਰਹੇ। ਕਈ ਲੋਕਾਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਬਿਨਾਂ ਦਸਤਾਵੇਜ਼ ਰਜਿਸਟਰਡ ਕਰਵਾਏ ਹੀ ਵਾਪਸ ਪਰਤਣਾ ਪਿਆ। ਇਸ ਸਥਿਤੀ ਨੇ ਇਕ ਵਾਰ ਫਿਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਸਰਕਾਰੀ ਅਧਿਕਾਰੀਆਂ ਦੀਆਂ ਹੋਰ ਡਿਊਟੀਆਂ ਕਾਰਨ ਆਮ ਲੋਕਾਂ ਦੇ ਜ਼ਰੂਰੀ ਕੰਮ ਕਿਉਂ ਪ੍ਰਭਾਵਿਤ ਹੋਣ। ਜਾਣਕਾਰੀ ਅਨੁਸਾਰ ਐੱਸਆਰ-1 ਗੁਰਪ੍ਰੀਤ ਸਿੰਘ ਦੀ ਸਰਕਾਰੀ ਡਿਊਟੀ ਹੋਣ ਕਾਰਨ ਐੱਸਆਰ ਦਫ਼ਤਰ-1 ਵਿਚ ਰਜਿਸਟਰੀਆਂ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਦਫ਼ਤਰ ਵਿੱਚ ਪਹਿਲਾਂ ਤੋਂ ਹੀ ਕਈ ਲੋਕ ਆਪਣੇ ਦਸਤਾਵੇਜ਼ ਦਰਜ ਕਰਵਾਉਣ ਲਈ ਪਹੁੰਚੇ ਹੋਏ ਸਨ। ਕਿਸੇ ਨੇ ਜ਼ਮੀਨ ਦੀ ਖਰੀਦ-ਵੇਚ ਕਰਨੀ ਸੀ ਅਤੇ ਕਿਸੇ ਨੇ ਆਪਣੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਦਰਜ ਕਰਵਾਉਣੇ ਸਨ। ਲੋਕਾਂ ਨੇ ਸਰਕਾਰੀ ਪ੍ਰਣਾਲੀ ਅਨੁਸਾਰ ਪਹਿਲਾਂ ਤੋਂ ਸਮਾਂ ਲਿਆ ਹੋਇਆ ਸੀ ਪਰ ਅਧਿਕਾਰੀ ਦੀ ਸਰਕਾਰੀ ਡਿਊਟੀ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਸਹੂਲਤ ਨਹੀਂ ਮਿਲ ਸਕੀ। ਇਸ ਕਾਰਨ ਦਫ਼ਤਰ ਵਿੱਚ ਉਡੀਕ ਕਰ ਰਹੇ ਲੋਕਾਂ ਦੀ ਪਰੇਸ਼ਾਨੀ ਵਧਦੀ ਰਹੀ।
--------------------------------
140 ’ਚੋਂ ਸਿਰਫ਼ 80 ਦਸਤਾਵੇਜ਼ ਦਰਜ
ਇਸ ਦਿਨ ਦੀ ਕਾਰਗੁਜ਼ਾਰੀ ਦੇ ਅੰਕੜੇ ਵੀ ਕਾਫ਼ੀ ਕੁਝ ਬਿਆਨ ਕਰਦੇ ਹਨ। ਐੱਸਆਰ ਦਫ਼ਤਰ-1 ਵਿੱਚ ਰਜਿਸਟਰੀ ਲਈ ਕੁੱਲ 140 ਅਪੁਆਇੰਟਮੈਂਟਾਂ ਸਨ ਪਰ ਇਨ੍ਹਾਂ ਵਿੱਚੋਂ ਸਿਰਫ਼ 80 ਦਸਤਾਵੇਜ਼ਾਂ ਦੀ ਹੀ ਰਜਿਸਟਰੀ ਹੋ ਸਕੀ। ਇਸ ਤਰ੍ਹਾਂ 60 ਅਪੁਆਇੰਟਮੈਂਟਾਂ ਦੇ ਮੁਕਾਬਲੇ ਦਸਤਾਵੇਜ਼ਾਂ ਦੀ ਰਜਿਸਟਰੀ ਨਹੀਂ ਹੋ ਸਕੀ। ਜਿਹੜੇ ਲੋਕ ਦੂਰ-ਦੁਰਾਡੇ ਤੋਂ ਆਪਣੇ ਕੰਮ ਲਈ ਪਹੁੰਚੇ ਸਨ, ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪਿਆ। ਕਈ ਲੋਕਾਂ ਲਈ ਇਹ ਸਿਰਫ਼ ਇੱਕ ਦਿਨ ਦੀ ਪਰੇਸ਼ਾਨੀ ਨਹੀਂ ਸੀ, ਸਗੋਂ ਉਨ੍ਹਾਂ ਨੂੰ ਦੁਬਾਰਾ ਸਮਾਂ ਕੱਢ ਕੇ ਦਫ਼ਤਰ ਆਉਣਾ ਪਵੇਗਾ।
--------------------------------
ਡਿਊਟੀ ਲਈ ਹੋਵੇ ਬਦਲਵਾਂ ਪ੍ਰਬੰਧ
ਇੱਥੇ ਸਭ ਤੋਂ ਵੱਡਾ ਸਵਾਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਖੜ੍ਹਾ ਹੁੰਦਾ ਹੈ। ਜੇਕਰ ਐੱਸਆਰ ਗੁਰਪ੍ਰੀਤ ਸਿੰਘ ਦੀ ਕਿਸੇ ਹੋਰ ਸਰਕਾਰੀ ਕੰਮ ਲਈ ਡਿਊਟੀ ਲਗਾਈ ਜਾਂਦੀ ਹੈ ਤਾਂ ਕੀ ਰਜਿਸਟਰੀਆਂ ਦਾ ਕੰਮ ਜਾਰੀ ਰੱਖਣ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜਾ ਸਕਦਾ। ਜਦੋਂ ਲੋਕਾਂ ਨੂੰ ਪਹਿਲਾਂ ਤੋਂ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ ਤਾਂ ਉਸ ਅਨੁਸਾਰ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਬਣਦੀ ਹੈ। ਅਧਿਕਾਰੀ ਦੀ ਦੂਜੀ ਡਿਊਟੀ ਆਪਣੀ ਥਾਂ ਹੈ, ਪਰ ਇਸ ਕਾਰਨ ਆਮ ਲੋਕਾਂ ਦੇ ਜ਼ਰੂਰੀ ਕੰਮ ਰੁਕਣੇ ਨਹੀਂ ਚਾਹੀਦੇ। ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਸਹੂਲਤ ਦੇਣ ਲਈ ਆਨਲਾਈਨ ਅਪੁਆਇੰਟਮੈਂਟ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਦਾ ਮਕਸਦ ਲੋਕਾਂ ਨੂੰ ਬਿਨਾਂ ਵਜ੍ਹਾ ਉਡੀਕ ਅਤੇ ਖੱਜਲ-ਖੁਆਰੀ ਤੋਂ ਬਚਾਉਣਾ ਹੈ ਪਰ ਜੇਕਰ ਅਪੁਆਇੰਟਮੈਂਟ ਲੈਣ ਦੇ ਬਾਵਜੂਦ ਲੋਕਾਂ ਨੂੰ ਘੰਟਿਆਂ ਤੱਕ ਬੈਠਣਾ ਪਵੇ ਅਤੇ ਫਿਰ ਵੀ ਕੰਮ ਨਾ ਹੋਵੇ ਤਾਂ ਅਜਿਹੀ ਪ੍ਰਣਾਲੀ ਦਾ ਲੋਕਾਂ ਨੂੰ ਕੀ ਲਾਭ ਮਿਲ ਰਿਹਾ ਹੈ।
------------------------
ਆਮ ਦਿਨਾਂ ‘ਚ ਨਹੀਂ ਆਉਂਦੀ ਕੋਈ ਮੁਸ਼ਕਲ : ਜਤਿੰਦਰ ਸਿੰਘ
ਇਸ ਸਬੰਧੀ ਐੱਸਆਰ ਦਫ਼ਤਰ-1 ਦੇ ਰਜਿਸਟਰੀ ਕਲਰਕ ਜਤਿੰਦਰ ਸਿੰਘ ਨੇ ਕਿਹਾ ਕਿ ਐੱਸਆਰ ਦੀ ਸਰਕਾਰੀ ਡਿਊਟੀ ਲੱਗਣ ਕਾਰਨ ਕੰਮਕਾਜ ਵਿੱਚ ਕੁਝ ਮੁਸ਼ਕਲ ਆਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ਾਂ ਦੀ ਰਜਿਸਟਰੀ ਨਹੀਂ ਹੋ ਸਕੀ, ਉਨ੍ਹਾਂ ਦੀ ਅਪੁਆਇੰਟਮੈਂਟ ਦੁਬਾਰਾ ਤੈਅ (ਰੀ-ਸ਼ਡਿਊਲ) ਕਰ ਦਿੱਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਮੁੜ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਮ ਦਿਨਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।