
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਨੂਰਮਹਿਲ ਰਿਹਾ ਬੰਦ

ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ ਗਈ ਬੰਦ ਦੀ ਕਾਲ ਨੂੰ ਨੂਰਮਹਿਲ ’ਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੁਪਹਿਰ 2 ਵਜੇ ਤੱਕ ਮੁਕੰਮਲ ਬੰਦ ਰਿਹਾ। ਇਸ ਬੰਦ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ, ਵੱਖ-ਵੱਖ ਸਿੱਖ ਜਥੇਬੰਦੀਆਂ, ਮਿਸਲ ਸਤਲੁਜ, ਧਾਰਮਿਕ ਸੰਸਥਾਵਾਂ ਅਤੇ ਨੂਰਮਹਿਲ ਇਲਾਕੇ ਦੀ ਸੰਗਤ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਤਲਵਣ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ, ਜਿੱਥੇ ਇਕੱਠੇ ਹੋਏ ਆਗੂਆਂ ਅਤੇ ਸੰਗਤ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਇਸੇ ਤਰ੍ਹਾਂ ਮਿਸਲ ਸਤਲੁਜ ਦੇ ਪ੍ਰਧਾਨ ਦਵਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸਾਥੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਨਾਅਰੇ ਲਗਾਏ ਗਏ ਅਤੇ ਲੋਕਾਂ ਨੂੰ ਇਸ ਮਾਮਲੇ ’ਤੇ ਇਕਜੁੱਟ ਰਹਿਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੰਤੋਖ ਸੰਧੂ, ਅਵਤਾਰ ਸਿੰਘ ਰਾਮੇਵਾਲ, ਗੁਰਨਾਮ ਸਿੰਘ ਕੰਦੋਲਾਂ, ਜਸਵੰਤ ਸਿੰਘ ਕਾਹਲੋਂ, ਗੁਰਦਿਆਲ ਸਿੰਘ, ਮਲਕੀਤ ਚੁੰਬਰ, ਪ੍ਰਦੀਪ ਸਿੰਘ ਤੰਖਰ, ਰਣਜੀਤ ਸਿੰਘ, ਜਤਿੰਦਰ ਜੌਹਲ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਹੋਠੀ, ਬਲਵੀਰ ਸਿੰਘ ਰੰਗਰੇਟਾ ਦਲ, ਰਛਪਾਲ ਸਿੰਘ ਸਾਦੀਪੁਰ,ਸਰਬਜੀਤ ਸੋਹੀ, ਬਲਵੀਰ ਸਿੰਘ ਪੁਆਦੜਾ ਤੇ ਸੇਰ ਸਿੰਘ ਨੂਰਮਹਿਲ ਆਦਿ ਹਾਜ਼ਰ ਸਨ। ਜਥੇਬੰਦੀਆਂ ਦੇ ਆਗੂਆਂ ਨੇ ਦੁਕਾਨਦਾਰਾਂ, ਵਪਾਰੀਆਂ ਅਤੇ ਸਮੁੱਚੀ ਸੰਗਤ ਵੱਲੋਂ ਬੰਦ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।