5 ਅਕਤੂਬਰ ਦੇ ਧਰਨੇ ’ਚ ਸ਼ਮੂਲੀਅਤ ਕਰਨ ਦਾ ਐਲਾਨ 5 ਅਕਤੂਬਰ ਦੇ ਸੰਗਰੂਰ ਧਰਨੇ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ ਨੰਬਰਦਾਰ
Publish Date: Thu, 17 Sep 2026 09:58 PM (IST)
Updated Date: Thu, 17 Sep 2026 09:59 PM (IST)
-ਮੇਜ਼ਰ ਸਿੰਘ ਬਾਜਵਾ ਤਹਿਸੀਲ ਪ੍ਰਧਾਨ ਚੁਣੇ ਗਏ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨੰਬਰਦਾਰ ਯੂਨੀਅਨ ਤਹਿਸੀਲ ਸ਼ਾਹਕੋਟ ਦੀ ਇਕੱਤਰਤਾ ਗੁਰਦੁਆਰਾ ਦਮਦਮਾ ਸਾਹਿਬ ਮਲਸੀਆਂ ਵਿਖੇ ਹੋਈ। ਇਸ ਵਿਚ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸਰਬਸੰਮਤੀ ਨਾਲ ਸ਼ਾਹਕੋਟ ਤਹਿਸੀਲ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਦੌਰਾਨ ਨੰਬਰਦਾਰ ਮੇਜ਼ਰ ਸਿੰਘ ਬਾਜਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਨੰਬਰਦਾਰ ਸੁਰਿੰਦਰ ਸਿੰਘ ਪੰਨੂ ਨੂੰ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਬਲਜੀਤ ਸਿੰਘ ਮੀਏਂਵਾਲ ਨੂੰ ਮੀਤ ਪ੍ਰਧਾਨ, ਨੰਬਰਦਾਰ ਕਰਨੈਲ ਸਿੰਘ ਜੋਧਪੁਰੀ ਨੂੰ ਮੁੱਖ ਬੁਲਾਰਾ ਤੇ ਨੰਬਰਦਾਰ ਪਿਆਰਾ ਸਿੰਘ ਪਰਜੀਆਂ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਨੰਬਰਦਾਰ ਸੁਰਜੀਤ ਸਿੰਘ ਰਾਈਵਾਲ ਦੋਨਾ ਤੇ ਨੰਬਰਦਾਰ ਪਰਮਜੀਤ ਸਿੰਘ ਹਜੀਪੁਰ ਨੂੰ ਕੈਸ਼ੀਅਰ ਬਣਾਇਆ ਗਿਆ। ਕਾਰਜਕਾਰਨੀ ਵਿੱਚ ਬਲਕਾਰ ਸਿੰਘ ਲਸੂੜੀ ਜਨਰਲ ਸਕੱਤਰ, ਨੰਬਰਦਾਰ ਛਿੰਦਰਪਾਲ ਸਿੰਘ ਕੰਨੀਆਂ ਕਲਾਂ ਨੂੰ ਸਕੱਤਰ , ਨੰਬਰਦਾਰ ਜਸਵੰਤ ਸਿੰਘ ਸਾ਼ਹਕੋਟ ਸਰਪ੍ਰਸਤ, ਕੁਲਜੀਤ ਸਿੰਘ ਹੁੰਦਲ ਤੇ ਬਲਕਾਰ ਸਿੰਘ ਫਾਜਲਵਾਲ ਨੂੰ ਜ਼ਿਲ੍ਹਾ ਮੈਂਬਰ ਚੁਣਿਆ ਗਿਆ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਆਲ ਇੰਡੀਆ (ਪੰਜਾਬ) ਨੰਬਰਦਾਰ ਯੂਨੀਅਨ ਵੱਲੋਂ 5 ਅਕਤੂਬਰ 2026 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਹਕੋਟ ਤਹਿਸੀਲ ਦੇ ਨੰਬਰਦਾਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਬੁਲਾਰਿਆਂ ਨੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਸਬੰਧੀ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਵੈਰੀਫਿਕੇਸ਼ਨ ਦਾ ਬਾਈਕਾਟ ਕਰਨਗੇ, ਕਿਉਂਕਿ ਆਮਦਨ ਤਸਦੀਕ ਤੇ ਰਾਸ਼ਨ ਕਾਰਡ ਬਣਾਉਣ ਵਾਲੇ ਦੇ ਪੇਪਰਾਂ ਤੇ ਘਰ ਤਸਦੀਕ ਕਰਨ ਦਾ ਕੰਮ ਨੰਬਰਦਾਰਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਸ ਦੇ ਨਾਲ ਹੀ ਉਨ੍ਹਾਂ ਤਹਿਸੀਲ ਦਫ਼ਤਰ ਵਿਖੇ ਨੰਬਰਦਾਰ ਭਵਨ ਬਣਾਉਣ ਦੀ ਜ਼ੋਰਦਾਰ ਮੰਗ ਵੀ ਰੱਖੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਨੰਬਰਦਾਰ ਸ਼ਾਮਲ ਹੋਏ।