- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਐੱਨ.ਐੱਸ.ਐੱਸ. ਦਿਵਸ ਮਨਾਇਆ

ਸਵੱਛਤਾ ਅਭਿਆਨ ਤੇ ਵੇਸਟ ਮੈਨੇਜਮੈਂਟ ’ਤੇ ਵਰਕਸ਼ਾਪ ਕਰਵਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ 'ਰਾਸ਼ਟਰੀ ਸੇਵਾ ਯੋਜਨਾ' ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਕਾਲਜ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਬਲਵਿੰਦਰ ਸਿੰਘ ਥਿੰਦ (ਲੜਕੇ) ਅਤੇ ਡਾ. ਰਵਿੰਦਰ ਕੌਰ (ਲੜਕੀਆਂ) ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਸਵੱਛਤਾ ਅਭਿਆਨ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ (ਸੋਲਿਡ ਵੇਸਟ ਮੈਨੇਜਮੈਂਟ) ਬਾਰੇ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਯੂਥ ਸਰਵਿਸਜ਼ ਵਿਭਾਗ, ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਪ੍ਰੀਤ ਕੋਹਲੀ ਨੂੰ ਸੂਬਾਈ ਅਤੇ ਰਾਸ਼ਟਰੀ ਪੱਧਰ ਦੇ 157 ਕੈਂਪ ਲਗਾਉਣ ਦਾ ਵਿਸ਼ਾਲ ਤਜਰਬਾ ਹਾਸਲ ਹੈ। ਸਮਾਗਮ ਦੀ ਸ਼ੁਰੂਆਤ 'ਚ ਡਾ. ਬਲਵਿੰਦਰ ਸਿੰਘ ਥਿੰਦ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਐੱਨ.ਐੱਸ.ਐੱਸ. ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 24 ਸਤੰਬਰ 1969 ਨੂੰ ਭਾਰਤ ਸਰਕਾਰ ਦੇ ਸਿੱਖਿਆ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਡਾ. ਵੀ. ਕੇ. ਆਰ. ਵੀ. ਰਾਓ ਦੁਆਰਾ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਤੋਹਫ਼ੇ ਵਜੋਂ ਦੇਸ਼ ਦੀਆਂ 37 ਯੂਨੀਵਰਸਿਟੀਆਂ ਵਿੱਚ ‘ਰਾਸ਼ਟਰੀ ਸੇਵਾ ਯੋਜਨਾ’ ਸ਼ੁਰੂ ਕੀਤੀ ਗਈ ਸੀ, ਜੋ 2 ਅਕਤੂਬਰ 1969 ਤੋਂ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਲਾਗੂ ਹੋਈ। ਇਸੇ ਯਾਦ ਨੂੰ ਤਾਜ਼ਾ ਕਰਨ ਅਤੇ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਹਰ ਸਾਲ 24 ਸਤੰਬਰ ਨੂੰ ਐੱਨ.ਐੱਸ.ਐੱਸ. ਦਿਵਸ ਮਨਾਇਆ ਜਾਂਦਾ ਹੈ।
ਐਨਐਸਐਸ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਪ੍ਰੀਤ ਕੋਹਲੀ ਨੇ ਕਿਹਾ ਕਿ ਐੱਨ.ਐੱਸ.ਐੱਸ. ਕੈਂਪਾਂ ਰਾਹੀਂ ਅਸੀਂ ਨਾ ਕੇਵਲ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਸਿੱਖਦੇ ਹਾਂ, ਸਗੋਂ ਆਪਣੇ ਮਨ ਦੀ ਸ਼ੁੱਧੀ ਅਤੇ ਆਪਸੀ ਭਾਈਚਾਰਾ ਵੀ ਮਜ਼ਬੂਤ ਕਰਦੇ ਹਾਂ। ਉਨ੍ਹਾਂ ਵਲੰਟੀਅਰਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ, "ਹਰ ਇਨਸਾਨ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਿਨ ਭਰ ਦੇ ਕੰਮਾਂ ਦਾ ਮੁਲਾਂਕਣ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਵੈ-ਪੜਚੋਲ ਹੀ ਸਾਡੇ ਬਿਹਤਰ ਭਵਿੱਖ ਦਾ ਨਿਰਮਾਣ ਕਰਦੀ ਹੈ।"ਉਨ੍ਹਾਂ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਚੇਤੰਨ ਕਰਦਿਆਂ ਕਿਹਾ ਕਿ ਇਸ ਦੀ ਵਰਤੋਂ ਸਮਾਂ ਬਰਬਾਦ ਕਰਨ ਲਈ ਨਹੀਂ, ਸਗੋਂ ਉਸਾਰੂ ਕੰਮਾਂ ਲਈ ਕੀਤੀ ਜਾਣੀ ਚਾਹੀਦੀ ਹੈ। ਸਾਡੀ ਕਲਾ, ਮਿਹਨਤ ਅਤੇ ਸਮਾਜ ਪ੍ਰਤੀ ਚੰਗੀ ਸੋਚ ਹੀ ਸਾਨੂੰ ਸਮਾਜ ਵਿੱਚ ਮਾਣ-ਸਤਿਕਾਰ ਦਿਵਾਉਂਦੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੀਤ ਕੋਹਲੀ ਵਰਗੀਆਂ ਸ਼ਖ਼ਸੀਅਤਾਂ ਵਿਦਿਆਰਥੀਆਂ ਲਈ ਰੋਲ ਮਾਡਲ ਹਨ ਅਤੇ ਉਨ੍ਹਾਂ ਦੇ ਵਿਚਾਰਾਂ ਨਾਲ ਵਲੰਟੀਅਰਾਂ ਨੂੰ ਵੱਡੀ ਪ੍ਰੇਰਨਾ ਮਿਲੀ ਹੈ। ਇਸ ਮੌਕੇ ਪ੍ਰੀਤ ਕੋਹਲੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਡਾ. ਰਵਿੰਦਰ ਕੌਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਭ ਦਾ ਧੰਨਵਾਦ ਕੀਤਾ।