- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਨੇ ਸੜਕਾਂ ਕੰਢਿਓਂ ਕੂੜਾ ਚੁੱਕਣ ਤੇ ਗ੍ਰੀਨ ਵੇਸਟ ਕੁਲੈਕਟ ਕਰਨ ਲਈ ਇਕ ਆਟੋਮੈਟਿਕ ਮਸ਼ੀਨ ਖਰੀਦੀ ਹੈ। ਇਹ ਮਸ਼ੀਨ ਸੁਪਰ ਸੱਕਸ਼ਨ ਮਸ਼ੀਨ ਦੀ ਤਰ੍ਹਾਂ ਕੰਮ ਕਰੇਗੀ ਤੇ ਸੜਕਾਂ ’ਤੇ ਪਏ ਕੂੜੇ ਨੂੰ ਅੰਦਰ ਖਿੱਚ ਲਵੇਗੀ। ਇਸ ਵੇਲੇ ਨਗਰ ਨਿਗਮ ਨੇ ਇਕ ਮਸ਼ੀਨ ਖਰੀਦੀ ਹੈ ਅਤੇ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਨੇ ਵੀਰਵਾਰ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਬੂਟਾਂ ਮੰਡੀ ਖੇਤਰ ’ਚ ਸ਼ੁਰੂ ਹੋਏ ਮੇਲੇ ’ਚ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਕੈਬਨਿਟ ਮੰਤਰੀ ਤੇ ਮੇਅਰ ਨੇ ਖ਼ੁਦ ਇਸ ਦੇ ਕੰਮ ਦਾ ਜਾਇਜ਼ਾ ਲਿਆ।
ਮੇਅਰ ਨੇ ਦੱਸਿਆ ਕਿ ਇਹ ਮਸ਼ੀਨ ਲਗਪਗ 27 ਲੱਖ ਰੁਪਏ ਦੀ ਹੈ ਤੇ ਇਸਨੂੰ ਬਣਾਉਣ ਵਾਲੀ ਕੰਪਨੀ ਹੀ ਇਸ ਨੂੰ ਸ਼ਹਿਰ ’ਚ ਚਲਾਏਗੀ। ਇਸ ਤਰ੍ਹਾਂ ਦੀਆਂ ਸੱਤ ਹੋਰ ਮਸ਼ੀਨਾਂ ਵੀ ਖਰੀਦੀਆਂ ਜਾ ਰਹੀਆਂ ਹਨ। ਹਰ ਵਿਧਾਨ ਸਭਾ ਖੇਤਰ ’ਚ ਦੋ ਮਸ਼ੀਨਾਂ ਤੋਂ ਕੰਮ ਲਿਆ ਜਾਵੇਗਾ। ਇਕ ਮਸ਼ੀਨ ਹਰ ਰੋਜ਼ 15 ਕਿੱਲੋਮੀਟਰ ਖੇਤਰ ’ਚ ਸਫਾਈ ਕਰੇਗੀ। ਇਸ ਮਸ਼ੀਨ ’ਚ ਜੀਪੀਐੱਸ ਸਿਸਟਮ ਲੱਗਾ ਹੋਇਆ ਹੈ ਤੇ ਮੇਅਰ ਦਫਤਰ ’ਚ ਸਥਾਪਤ ਕੀਤੇ ਗਏ ਕੰਟਰੋਲ ਰੂਮ ਤੋਂ ਇਸ ਦੀ ਮਾਨੀਟਰਿੰਗ ਕੀਤੀ ਜਾਵੇਗੀ। ਇਸ ਮਸ਼ੀਨ ਦੀ ਰਿਪੋਰਟ ਚੰਗੀ ਆਈ ਹੈ ਤੇ ਜਿੱਥੇ-ਜਿੱਥੇ ਇਹ ਕੰਮ ਕਰ ਰਹੀ ਹੈ, ਉੱਥੇ ਨਤੀਜੇ ਵੀ ਚੰਗੇ ਆਏ ਹਨ। ਇਸ ਨਾਲ ਸ਼ਹਿਰ ਸਾਫ-ਸੁਥਰਾ ਰਹੇਗਾ ਤੇ ਖਾਸ ਕਰਕੇ ਸੜਕਾਂ ਕੰਢੇ ਦਰੱਖਤਾਂ ਦੇ ਪੱਤੇ ਅਤੇ ਗਰੀਨ ਵੇਸਟ ਨੂੰ ਸਾਫ ਕਰਨਾ ਸੌਖਾ ਹੋਵੇਗਾ। ਜੇ ਸੜਕਾਂ ਸਾਫ ਰਹਿਣਗੀਆਂ ਤਾਂ ਇਸ ਨਾਲ ਸੜਕਾਂ, ਗਲੀਆਂ ਤੇ ਸੀਵਰੇਜ ਸਿਸਟਮ ਵੀ ਸਾਫ ਰਹੇਗਾ ਤੇ ਪਾਣੀ ਦੀ ਨਿਕਾਸੀ ਆਸਾਨੀ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਇਹ ਮਸ਼ੀਨ ਨਕੋਦਰ ਰੋਡ ’ਤੇ ਬੂਟਾ ਮੰਡੀ, ਗੁਰੂ ਰਵਿਦਾਸ ਧਾਮ ਤੇ ਮੇਲਾ ਵਾਲੇ ਇਲਾਕੇ ’ਚ ਸਫਾਈ ਲਈ ਲਾਈ ਗਈ ਹੈ।
---
ਕੈਬਿਨੇਟ ਮੰਤਰੀ ਭਗਤ ਨੇ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ
ਜਲੰਧਰ : ਕੈਬਨਿਟ ਮੰਤਰੀ ਤੇ ਜਲੰਧਰ ਵੈਸਟ ਦੇ ਵਿਧਾਇਕ ਮਹਿੰਦਰ ਭਗਤ ਨੇ ਵੀਰਵਾਰ ਨੂੰ ਮੇਅਰ ਹਾਊਸ ’ਚ ਜਲੰਧਰ ਵੈਸਟ ਵਿਧਾਨ ਸਭਾ ਖੇਤਰ ’ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਬੈਠਕ ਦੌਰਾਨ ਉਨ੍ਹਾਂ ਨੇ ਸਾਫ ਸ਼ਬਦਾਂ ’ਚ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਸਾਰੇ ਵਿਕਾਸ ਕਾਰਜ ਤੈਅ ਸਮਾਂ ਹੱਦ ’ਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਆਮ ਜਨਤਾ ਨੂੰ ਬੁਨਿਆਦੀ ਸੁਵਿਧਾਵਾਂ ਸਮੇਂ ’ਤੇ ਉਪਲੱਬਧ ਕਰਵਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਿਕਾਸ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਕਾਰਜਾਂ ਦੀ ਨਿਯਮਿਤ ਮਾਨੀਟਰਿੰਗ ਤੇ ਫੀਲਡ ਪੱਧਰ 'ਤੇ ਨਿਰੀਖਣ ਕਰਨ ਦੇ ਹੁਕਮ ਵੀ ਦਿੱਤੇ।
ਇਸ ਸਮੀਖਿਆ ਬੈਠਕ ’ਚ ਮੇਅਰ ਵਨੀਤ ਧੀਰ, ਐੱਸਈ ਰਜਨੀਸ਼ ਡੋਗਰਾ, ਐੱਸਈ ਅਰਵਿੰਦਰ ਕੁਮਾਰ ਤੇ ਐੱਸਡੀਓ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਅਧਿਕਾਰੀਆਂ ਨੇ ਮੰਤਰੀ ਨੂੰ ਵੈਸਟ ਖੇਤਰ ’ਚ ਸੜਕਾਂ, ਸੀਵਰੇਜ, ਸਟ੍ਰੀਟ ਲਾਈਟ, ਸਫਾਈ ਤੇ ਹੋਰ ਬੁਨਿਆਦੀ ਢਾਂਚੇ ਨਾਲ ਜੁੜੇ ਵਿਕਾਸ ਕਾਰਜਾਂ ਦੀ ਵਿਸਥਾਰ ’ਚ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ, ਕੌਂਸਲਰ ਦੇ ਪਤੀ ਸੌਰਭ ਸੇਠ, ਗੀਤਾਂਸ਼ ਸਮੇਤ ਨਗਰ ਨਿਗਮ ਦਾ ਹੋਰ ਸਟਾਫ ਵੀ ਮੌਜੂਦ ਰਿਹਾ। ਬੈਠਕ ਦੇ ਅੰਤ ’ਚ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਸਹਿਯੋਗ ਨਾਲ ਤੇਜ਼ੀ ਨਾਲ ਕਾਰਜ ਪੂਰਾ ਕਰਨ ਦਾ ਸੱਦਾ ਕੀਤਾ।