- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਏ ਬਦਲਦਿਆਂ ਮਨਮਾਨੀ ਸ਼ੁਰੂ, ਇਕ ਵੀ ਲਾਇਸੈਂਸ ਦਾ ਟੈਸਟ ਨਹੀਂ ਹੋਇਆ

-ਇਕ ਮੁਲਾਜ਼ਮ ਦੀ ਆਈਡੀ ਦੇ ਚੱਕਰ ’ਚ ਪੂਰਾ ਦਿਨ ਠੱਪ ਰਿਹਾ ਪੱਕੇ ਲਾਇਸੈਂਸ ਦਾ ਕੰਮ
-ਛੁੱਟੀ ’ਤੇ ਗਏ ਪੁਰਾਣੇ ਮੁਲਾਜ਼ਮ ਨੇ ਨਹੀਂ ਦਿੱਤੀ ਆਈਡੀ, ਬਦਲਵੇਂ ਪ੍ਰਬੰਧ ਕਰਨ ’ਚ ਵਿਭਾਗ ਨਾਕਾਮ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਆਰਟੀਏ ਦੀ ਤਬਦੀਲੀ ਤੋਂ ਬਾਅਦ ਹੀ ਕੰਮਕਾਜ ਦੀ ਵਿਵਸਥਾ ਲੜਖੜਾਉਂਦੀ ਦਿਖਾਈ ਦੇਣ ਲੱਗੀ ਹੈ। ਬੁੱਧਵਾਰ ਨੂੰ ਟਰੈਕ ’ਤੇ ਪੱਕੇ ਡਰਾਈਵਿੰਗ ਲਾਇਸੈਂਸ ਲਈ ਇੱਕ ਵੀ ਟੈਸਟ ਨਹੀਂ ਹੋ ਸਕਿਆ। ਹੈਰਾਨੀ ਦੀ ਗੱਲ ਇਹ ਹੈ ਕਿ ਰੋਜ਼ਾਨਾ ਸੈਂਕੜੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਕੰਮਕਾਜ ਵਾਲੇ ਟਰੈਕ ’ਤੇ ਇਕ ਮੁਲਾਜ਼ਮ ਦੀ ਛੁੱਟੀ ਤੇ ਉਸ ਦੀ ਆਈਡੀ ਨਾ ਮਿਲਣ ਕਾਰਨ ਪੂਰੇ ਦਿਨ ਦਾ ਕੰਮ ਠੱਪ ਹੋ ਗਿਆ। ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਲੋਕ ਸਾਰਾ ਦਿਨ ਉਡੀਕ ਕਰਦੇ ਰਹੇ ਪਰ ਅੰਤ ’ਚ ਉਨ੍ਹਾਂ ਨੂੰ ਬਿਨਾਂ ਟੈਸਟ ਦਿੱਤੇ ਹੀ ਘਰ ਵਾਪਸ ਜਾਣਾ ਪਿਆ।
-------------------------
ਮੁਲਾਜ਼ਮ ਦੀ ਆਈਡੀ ਬਣੀ ਸਿਸਟਮ ਦੀ ਕਮਜ਼ੋਰੀ
ਮਿਲੀ ਜਾਣਕਾਰੀ ਅਨੁਸਾਰ ਪੱਕੇ ਡਰਾਈਵਿੰਗ ਲਾਇਸੈਂਸ ਲਈ ਰੋਜ਼ਾਨਾ ਟੈਸਟ ਲੈਣ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਮੁਲਾਜ਼ਮ ਬੁੱਧਵਾਰ ਨੂੰ ਛੁੱਟੀ ’ਤੇ ਸੀ ਪਰ ਵਿਭਾਗੀ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਪਤਾ ਲੱਗਾ ਕਿ ਪੁਰਾਣੇ ਮੁਲਾਜ਼ਮ ਨੇ ਛੁੱਟੀ ’ਤੇ ਹੋਣ ਦੇ ਬਾਵਜੂਦ ਆਈਡੀ ਮੁਹੱਈਆ ਨਹੀਂ ਕਰਵਾਈ। ਇਸ ਕਾਰਨ ਦੂਜੇ ਮੁਲਾਜ਼ਮ ਰਾਹੀਂ ਟੈਸਟ ਦੀ ਪ੍ਰਕਿਰਿਆ ਅੱਗੇ ਨਹੀਂ ਚਲਾਈ ਜਾ ਸਕੀ। ਸਵਾਲ ਇਹ ਹੈ ਕਿ ਕੀ ਸਰਕਾਰੀ ਟਰੈਕ ਦਾ ਕੰਮ ਕਿਸੇ ਇਕ ਮੁਲਾਜ਼ਮ ਦੀ ਨਿੱਜੀ ਆਈਡੀ ’ਤੇ ਨਿਰਭਰ ਹੋਣਾ ਚਾਹੀਦਾ ਹੈ।
----------------------------
ਬਰੰਗ ਮੁੜੇ 120 ਲੋਕ
ਜਾਣਕਾਰੀ ਅਨੁਸਾਰ ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਰੋਜ਼ਾਨਾ ਕਰੀਬ 120 ਲੋਕ ਪੱਕੇ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਪਹੁੰਚਦੇ ਹਨ। ਬੁੱਧਵਾਰ ਨੂੰ ਵੀ ਲੋਕ ਪਹਿਲਾਂ ਤੋਂ ਨਿਰਧਾਰਤ ਸਮੇਂ ਅਨੁਸਾਰ ਆਪਣੇ ਟੈਸਟ ਲਈ ਪਹੁੰਚੇ ਸਨ। ਕਿਸੇ ਨੇ ਕੰਮ ਤੋਂ ਛੁੱਟੀ ਲਈ ਸੀ, ਕਿਸੇ ਨੇ ਹੋਰ ਜ਼ਰੂਰੀ ਕੰਮ ਛੱਡਿਆ ਸੀ ਤੇ ਕਈ ਲੋਕ ਦੂਰ-ਦੁਰਾਡੇ ਇਲਾਕਿਆਂ ਤੋਂ ਆਪਣੇ ਵਾਹਨਾਂ ’ਤੇ ਟਰੈਕ ’ਤੇ ਪੁੱਜੇ ਸਨ ਪਰ ਟਰੈਕ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਪੱਕੇ ਲਾਇਸੈਂਸ ਦਾ ਟੈਸਟ ਹੀ ਨਹੀਂ ਹੋਵੇਗਾ। ਇਸ ਤਰ੍ਹਾਂ ਕਰੀਬ 120 ਲੋਕਾਂ ਨੂੰ ਬਿਨਾਂ ਕੋਈ ਕੰਮ ਕਰਵਾਏ ਵਾਪਸ ਮੁੜਨਾ ਪਿਆ।
------------------------------
ਆਰਟੀਏ ਬਦਲਣ ਨਾਲ ਕੀ ਪ੍ਰਬੰਧ ਵੀ ਬਦਲ ਗਏ?
ਆਰਟੀਏ ਦੀ ਤਬਦੀਲੀ ਤੋਂ ਬਾਅਦ ਟਰੈਕ ’ਤੇ ਪੈਦਾ ਹੋਈ ਇਸ ਸਥਿਤੀ ਨੇ ਵਿਭਾਗੀ ਤਾਲਮੇਲ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇ ਕਿਸੇ ਮੁਲਾਜ਼ਮ ਦੀ ਛੁੱਟੀ ਕਾਰਨ 120 ਲੋਕਾਂ ਦੇ ਕੰਮ ’ਤੇ ਅਸਰ ਪੈ ਸਕਦਾ ਹੈ ਤਾਂ ਇਹ ਪ੍ਰਬੰਧਕੀ ਕਮੀ ਕਿਸ ਦੀ ਜ਼ਿੰਮੇਵਾਰੀ ਹੈ? ਕੀ ਨਵੇਂ ਆਰਟੀਏ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਟਰੈਕ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ ਸੀ। ਕੀ ਰੋਜ਼ਾਨਾ ਦੇ ਕੰਮ ਲਈ ਕੋਈ ਬਦਲਵਾਂ ਮੁਲਾਜ਼ਮ ਜਾਂ ਅਧਿਕਾਰਤ ਆਈਡੀ ਦੀ ਵਿਵਸਥਾ ਕੀਤੀ ਗਈ ਹੈ।
--------------------------
ਸਹੂਲਤ ਦੇਣ ਵਾਲਾ ਟਰੈਕ ਬਣਿਆ ਪਰੇਸ਼ਾਨੀ
ਸਰਕਾਰ ਵੱਲੋਂ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਨਲਾਈਨ ਅਪੁਆਇੰਟਮੈਂਟ ਅਤੇ ਤੈਅ ਸਮੇਂ ਅਨੁਸਾਰ ਟੈਸਟ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਜੇਕਰ ਅਪਾਇੰਟਮੈਂਟ ਲੈਣ ਦੇ ਬਾਵਜੂਦ ਲੋਕਾਂ ਨੂੰ ਟਰੈਕ ’ਤੇ ਪਹੁੰਚ ਕੇ ਟੈਸਟ ਦੇਣ ਦਾ ਮੌਕਾ ਹੀ ਨਾ ਮਿਲੇ ਤਾਂ ਇਸ ਪ੍ਰਬੰਧ ਦਾ ਕੀ ਫਾਇਦਾ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਆਪਣੇ ਅੰਦਰੂਨੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਖੁਦ ਨਿਭਾਉਣੀ ਚਾਹੀਦੀ ਹੈ ਨਾ ਕਿ ਮੁਲਾਜ਼ਮਾਂ ਦੀਆਂ ਛੁੱਟੀਆਂ ਜਾਂ ਆਈਡੀ ਦੀ ਸਮੱਸਿਆ ਦਾ ਬੋਝ ਆਮ ਜਨਤਾ ’ਤੇ ਪਾਇਆ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਆਰਟੀਏ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹਨ ਜਾਂ ਨਹੀਂ।