- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਸ਼ਾਹਪੁਰ ਵਿਖੇ ਨੌਰਥ ਜ਼ੋਨ ਯੂਥ ਫੈਸਟੀਵਲ-2026 ਦਾ ਆਗਾਜ਼

--ਨਸ਼ਾ ਮੁਕਤ ਰੰਗਲਾ ਪੰਜਾਬ’ ਥੀਮ ਹੇਠ 20 ਤੋਂ ਵੱਧ ਕਾਲਜਾਂ ਦੇ ਨੌਜਵਾਨਾਂ ਨੇ ਲਿਆ ਹਿੱਸਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵਿਖੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨੌਰਥ ਜ਼ੋਨ ਯੂਥ ਫੈਸਟੀਵਲ-2026 ਦਾ ਸ਼ਾਨਦਾਰ ਆਗਾਜ਼ ਹੋਇਆ। ‘ਨਸ਼ਾ ਮੁਕਤ ਰੰਗਲਾ ਪੰਜਾਬ’ ਥੀਮ ਅਧੀਨ ਕਰਵਾਇਆ ਜਾ ਰਿਹਾ ਇਹ ਤਿੰਨ ਰੋਜ਼ਾ ਫੈਸਟੀਵਲ 7 ਤੋਂ 9 ਅਕਤੂਬਰ ਤੱਕ ਸੀਟੀਆਈਈਐੱਮਟੀ, ਸ਼ਾਹਪੁਰ ਕੈਂਪਸ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ’ਚ ਨੌਰਥ ਜ਼ੋਨ ਦੇ 20 ਤੋਂ ਵੱਧ ਕਾਲਜਾਂ ਦੇ ਵਿਦਿਆਰਥੀ ਸੰਗੀਤ, ਨਾਚ, ਥੀਏਟਰ, ਸਾਹਿਤਕ ਗਤੀਵਿਧੀਆਂ ਤੇ ਲਲਿਤ ਕਲਾ ਦੇ ਵੱਖ-ਵੱਖ ਮੁਕਾਬਲਿਆਂ ’ਚ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਫੈਸਟੀਵਲ ਦੇ ਪਹਿਲੇ ਦਿਨ ਭੰਗੜਾ, ਮਾਈਮ, ਸਕਿੱਟ, ਸ਼ਾਸਤਰੀ ਨਾਚ, ਰਚਨਾਤਮਕ ਲੇਖਣ, ਕਵਿਤਾ ਉਚਾਰਨ, ਸ਼ਾਸਤਰੀ ਗਾਇਨ, ਸ਼ਾਸਤਰੀ ਸਾਜ਼ ਸੰਗੀਤ, ਇੰਡੀਅਨ ਲਾਈਟ ਵੋਕਲ, ਆਨ-ਦ-ਸਪਾਟ ਪੇਂਟਿੰਗ, ਫੋਟੋਗ੍ਰਾਫੀ, ਕਲੇ ਮਾਡਲਿੰਗ ਤੇ ਕੋਲਾਜ ਮੇਕਿੰਗ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਡਿਬੇਟ ਤੇ ਐਲੋਕਿਊਸ਼ਨ ਦੇ ਵਿਸ਼ਿਆਂ ਦਾ ਵੀ ਐਲਾਨ ਕੀਤਾ ਗਿਆ। ਉਦਘਾਟਨੀ ਸਮਾਗਮ ’ਚ ਦੀਪਕ ਬਾਲੀ, ਸਲਾਹਕਾਰ, ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ, ਪੰਜਾਬ ਤੇ ਉਪ ਪ੍ਰਧਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮੀਰ ਸ਼ਰਮਾ, ਅਸਿਸਟੈਂਟ ਡਾਇਰੈਕਟਰ, ਯੂਥ ਅਫੇਅਰਜ਼, ਆਈਕੇਜੀ ਪੀਟੀਯੂ ਤੇ ਦੀਪਕ ਸ਼ਾਹ, ਆਬਜ਼ਰਵਰ, ਨੌਰਥ ਜ਼ੋਨ ਯੂਥ ਫੈਸਟੀਵਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਸਮਾਗਮ ਦੌਰਾਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਰੰਗਾਰੰਗ ਝਲਕ ਪੇਸ਼ ਕੀਤੀ ਗਈ। ਇਸ ਉਪਰੰਤ ਪਹਿਲੇ ਦਿਨ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਅਗਲੇ ਦੋ ਦਿਨਾਂ ਦੌਰਾਨ ਸੰਗੀਤ, ਸਾਹਿਤ, ਥੀਏਟਰ ਤੇ ਲਲਿਤ ਕਲਾ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਤੇ ਪੇਸ਼ਕਾਰੀਆਂ ਜਾਰੀ ਰਹਿਣਗੀਆਂ। ਇਸ ਮੌਕੇ ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ, ਨੇ ਕਿਹਾ ਕਿ ਯੂਥ ਫੈਸਟੀਵਲ ਸਿਰਫ਼ ਮੁਕਾਬਲੇ ਦਾ ਮੰਚ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਗਟਾਉਣ, ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਤੇ ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਦਾ ਮੌਕਾ ਵੀ ਦਿੰਦੇ ਹਨ।
ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਰੰਗਲਾ ਪੰਜਾਬ’ ਥੀਮ ਨੌਜਵਾਨਾਂ ਦੀ ਊਰਜਾ ਤੇ ਸਮਰੱਥਾ ਨੂੰ ਰਚਨਾਤਮਕਤਾ, ਸੱਭਿਆਚਾਰ, ਖੇਡਾਂ ਤੇ ਸਕਾਰਾਤਮਕ ਗਤੀਵਿਧੀਆਂ ਵੱਲ ਮੋੜਨ ਦਾ ਮਹੱਤਵਪੂਰਨ ਸੰਦੇਸ਼ ਦਿੰਦੀ ਹੈ। ਸਮਾਗਮ ’ਚ ਹਰਪ੍ਰੀਤ ਸਿੰਘ, ਵਾਈਸ ਚੇਅਰਮੈਨ, ਸੀਟੀ ਗਰੁੱਪ ਡਾ. ਨਿਤਿਨ ਟੰਡਨ, ਐਗਜ਼ੀਕਿਊਟਿਵ ਡਾਇਰੈਕਟਰ ਡਾ. ਜਯਾਸ਼ਿਸ਼ ਸੇਠੀ, ਕੈਂਪਸ ਡਾਇਰੈਕਟਰ; ਇੰਜੀ. ਦਵਿੰਦਰ ਸਿੰਘ, ਗਰੁੱਪ ਡਾਇਰੈਕਟਰ ਡੀਐੱਸਡਬਲਯੂ ਤੇ ਲੈਫਟੀਨੈਂਟ ਤਾਬਿਸ਼ ਅਲੀ ਖਾਨ, ਡਿਪਟੀ ਡਾਇਰੈਕਟਰ, ਸਟੂਡੈਂਟ ਵੈਲਫੇਅਰ ਵਿਭਾਗ, ਸਮੇਤ ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ, ਕੋਆਰਡੀਨੇਟਰ ਤੇ ਭਾਗ ਲੈ ਰਹੇ ਵਿਦਿਆਰਥੀ ਮੌਜੂਦ ਰਹੇ।