ਟੁੱਟੀ ਸੜਕ ਬਣੀ ਆਫ਼ਤ; ਦਿਨ ਵੇਲੇ ਜਾਮ ਤੇ ਰਾਤ ਨੂੰ ਹਾਦਸਿਆਂ ਦਾ ਖੌਫ਼ ਨੂਰਮਹਿਲ-ਮਹਿਤਪੁਰ ਅਤੇ ਲੁਧਿਆਣਾ ਬਾਈਪਾਸ 'ਤੇ ਮਹੀਨਿਆਂ ਤੋਂ ਖ਼ਸਤਾਹਾਲ ਸੜਕ: ਛੋਟੇ ਜਿਹੇ ਖੱਡੇ ਨੇ ਲਿਆ ਭਿਆਨਕ ਰੂਪ,
Publish Date: Sat, 01 Aug 2026 07:24 PM (IST)
Updated Date: Sat, 01 Aug 2026 07:25 PM (IST)
ਲੋਕ ਬੋਲੇ— ਸੜਕ ਚ ਖੱਡੇ ਨੇ ਜਾਂ ਖੱਡਿਆਂ ਚ ਸੜਕ! 150 ਮੀਟਰ ਦੇ ਦਾਇਰੇ ਵਿੱਚ ਟੁੱਟੀ ਸੜਕ ਬਣੀ ਆਫ਼ਤ; ਦਿਨ ਵੇਲੇ ਜਾਮ ਅਤੇ ਰਾਤ ਨੂੰ ਹਾਦਸਿਆਂ ਦਾ ਡਰ, ਵਿਧਾਇਕ ਤੇ ਪ੍ਰਸ਼ਾਸਨ ਬੇਖ਼ਬਰ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਦੇ ਨੂਰਮਹਿਲ-ਬਾਈਪਾਸ ਟੀ-ਪੁਆਇੰਟ ’ਤੇ ਸੜਕ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਦਰਜਨਾਂ ਸ਼ਹਿਰਾਂ ਤੇ ਸੈਂਕੜੇ ਪਿੰਡਾਂ ਨਾਲ ਜੋੜਨ ਵਾਲੇ ਇਸ ਮੁੱਖ ਮਾਰਗ ’ਤੇ ਪਿਛਲੇ ਕਈ ਮਹੀਨਿਆਂ ਤੋਂ ਸੜਕ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਟੀ-ਪੁਆਇੰਟ ਨੇੜੇ ਮਹਿਜ਼ 150 ਮੀਟਰ ਦੇ ਦਾਇਰੇ ’ਚ ਪਹਿਲਾਂ ਇੱਕ ਛੋਟਾ ਜਿਹਾ ਖੱਡਾ ਸੀ, ਜੋ ਪਾਣੀ ਦੀ ਲੀਕੇਜ ਤੇ ਬਰਸਾਤੀ ਪਾਣੀ ਦੇ ਜਮ੍ਹਾਂ ਹੋਣ ਕਾਰਨ ਹੁਣ ਜਾਨਲੇਵਾ ਰੂਪ ਧਾਰਨ ਕਰ ਚੁੱਕਾ ਹੈ। ਹਾਲਾਤ ਇਸ ਕਦਰ ਬਦਤਰ ਹਨ ਕਿ ਰਾਹਗੀਰ ਇਹ ਕਹਿਣ ਲਈ ਮਜਬੂਰ ਹਨ- ‘ਸੜਕ ’ਚ ਖੱਡੇ ਹਨ ਜਾਂ ਖੱਡਿਆਂ ’ਚ ਸੜਕ! --------- ਦਿਨ ਵੇਲੇ ਜਾਮ ਤੇ ਰਾਤ ਨੂੰ ‘ਮੌਤ ਦਾ ਖੂਹ’ ਬਣਦੀ ਹੈ ਸੜਕ ਇਸ ਅਤਿ-ਮਸਰੂਫ਼ ਮਾਰਗ ’ਤੇ ਦਿਨ-ਰਾਤ ਭਾਰੀ ਟ੍ਰੈਫਿਕ ਰਹਿੰਦਾ ਹੈ। ਦਿਨ ਵੇਲੇ ਖੱਡਿਆਂ ਤੋਂ ਬਚਣ ਲਈ ਲੋਕ ਆਪਣੇ ਵਾਹਨ ਗਲਤ ਦਿਸ਼ਾ (ਰਾਂਗ ਸਾਈਡ) ’ਤੇ ਲੈ ਜਾਂਦੇ ਹਨ, ਜਿਸ ਨਾਲ ਭਾਰੀ ਜਾਮ ਤੇ ਹਾਦਸੇ ਵਾਪਰਦੇ ਹਨ। ਉੱਥੇ ਹੀ ਰਾਤ ਦੇ ਹਨੇਰੇ ’ਚ ਇਹ ਖੱਡੇ ਦਿਖਾਈ ਨਾ ਦੇਣ ਕਾਰਨ ਦੋ-ਪਹੀਆ ਵਾਹਨ ਚਾਲਕ ਅਸੰਤੁਲਿਤ ਹੋ ਕੇ ਡਿੱਗ ਰਹੇ ਹਨ ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਰਹੇ ਹਨ। ਨੇੜੇ ਹੀ ਬੱਸ ਸਟੈਂਡ, ਸਕੂਲ ਅਤੇ ਹਸਪਤਾਲ ਹੋਣ ਕਾਰਨ ਮਰੀਜ਼, ਬੱਚੇ ਅਤੇ ਯਾਤਰੀ ਰੋਜ਼ਾਨਾ ਜਾਨ ਜੋਖਮ ਵਿੱਚ ਪਾ ਕੇ ਸਫ਼ਰ ਕਰਨ ਲਈ ਮਜਬੂਰ ਹਨ। ----------- ਅਧਿਕਾਰੀਆਂ ਤੇ ਵਿਧਾਇਕ ਦੀ ਨੱਕ ਹੇਠ ਬਦਹਾਲੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਰਗ ਤੋਂ ਮਹਿਜ਼ 4 ਕਿਲੋਮੀਟਰ ਦੂਰ ਹਲਕਾ ਵਿਧਾਇਕ ਦਾ ਪਿੰਡ ਹੈ। ਉੱਥੇ ਹੀ 150 ਤੋਂ 200 ਮੀਟਰ ਦੇ ਦਾਇਰੇ ’ਚ ਐੱਸਡੀਐੱਮ ਦਫ਼ਤਰ, ਤਹਿਸੀਲ ਤੇ ਸਿਵਲ ਕੋਰਟ ਮੌਜੂਦ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਵਿਧਾਇਕ ਤੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। --------- ਕਾਰੋਬਾਰ ਠੱਪ, ਅੰਦੋਲਨ ਦੀ ਚਿਤਾਵਨੀ ਲਗਾਤਾਰ ਉੱਡਦੀ ਧੂੜ ਤੇ ਜਲ-ਭਰਾਅ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਪਰੇਸ਼ਾਨ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਕਿਸੇ ਵੱਡੇ ਜਾਨਲੇਵਾ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ। --------- ਆਰਜ਼ੀ (ਟੈਂਪਰੇਰੀ) ਮੁਰੰਮਤ ਦੀ ਮੰਗ ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਪੂਰੀ ਸੜਕ ਦਾ ਪੱਕਾ ਨਿਰਮਾਣ ਕਰਨ ’ਚ ਅਸਮਰੱਥ ਹੈ, ਤਾਂ ਘੱਟੋ-ਘੱਟ ਇਹਨਾਂ ਖੱਡਿਆਂ ਨੂੰ ਆਰਜ਼ੀ (ਟੈਂਪਰੇਰੀ) ਤੌਰ ’ਤੇ ਹੀ ਭਰਵਾ ਦਿੱਤਾ ਜਾਵੇ।