ਤਹਿਸੀਲ ’ਚ ਜਾਅਲੀ NOC ਸਹਾਰੇ ‘ਰਿਸ਼ਵਤ ਦੀ ਖੇਡ’! ਲੈਪਟਾਪ ’ਚ ਸੇਵ ਪਰਫਾਰਮੇ ਤੋਂ ਤਿਆਰ ਹੋ ਰਹੀਆਂ ਰਜਿਸਟਰੀਆਂ
ਤਹਿਸੀਲ ਅੰਦਰ ਕੁਝ ਲੋਕਾਂ ਨੇ ਅਸਲੀ ਐੱਨਓਸੀ ਤੋਂ ਮੈਟਰ ਡਿਲੀਟ ਕਰਕੇ ਇਕ ਖਾਲੀ ਪਰਫਾਰਮਾ ਬਣਾ ਲਿਆ ਜਾਂਦਾ ਹੈ, ਇਸ ਵਿਚ ਕਥਿਤ ਤੌਰ ’ਤੇ ਸਰਕਾਰੀ ਮੋਹਰ ਤੇ ਅਧਿਕਾਰੀ ਦੇ ਹਸਤਾਖਰ ਰੱਖ ਲਏ ਜਾਂਦੇ ਹਨ। ਦੋਸ਼ ਹੈ ਕਿ ਇਸ ਤਰ੍ਹਾਂ ਤਿਆਰ ਐੱਨਓਸੀ ਦੇ ਆਧਾਰ ’ਤੇ ਅਣਅਪਰੂਵਡ ਕਾਲੋਨੀਆਂ ’ਚ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਹਨ। ਅਜਿਹੇ ਹੱਥਲਿਖਤ ਐੱਨਓਸੀ ਤਿਆਰ ਕਰਨ ਬਦਲੇ 50 ਤੋਂ 100 ਰੁਪਏ ਵਸੂਲੇ ਜਾਂਦੇ ਹਨ।
Publish Date: Mon, 31 Aug 2026 08:17 PM (IST)
Updated Date: Tue, 01 Sep 2026 10:51 AM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਤਹਿਸੀਲ ’ਚ ਅਣਅਪਰੂਵਡ ਕਾਲੋਨੀਆਂ ਦੇ ਪਲਾਟਾਂ ਤੇ ਮਕਾਨਾਂ ਦੀਆਂ ਰਜਿਸਟਰੀਆਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਦੋਸ਼ ਹਨ ਕਿ ਕਥਿਤ ਜਾਅਲੀ ਐੱਨਓਸੀ ਦੇ ਸਹਾਰੇ ਰਜਿਸਟਰੀਆਂ ਕਰਵਾਉਣ ਦੀ ਖੇਡ ਚੱਲ ਰਹੀ ਹੈ ਤੇ ਇਸ ਦੇ ਬਦਲੇ ਮੋਟੀ ਰਕਮ ਵਸੂਲ ਕੀਤੇ ਜਾਣ ਦੀਆਂ ਚਰਚਾਵਾਂ ਹਨ। ਇਸ ਮਾਮਲੇ ਨੂੰ ਹੋਰ ਗੰਭੀਰ ਬਣਾਉਣ ਵਾਲੀ ਗੱਲ ਇਹ ਹੈ ਕਿ ਅਜਿਹੇ ਐੱਨਓਸੀ ਪਰਫਾਰਮੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਹੱਥਲਿਖਤ ਐੱਨਓਸੀ ਤਿਆਰ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਤਹਿਸੀਲ ਅੰਦਰ ਕੁਝ ਲੋਕਾਂ ਨੇ ਅਸਲੀ ਐੱਨਓਸੀ ਤੋਂ ਮੈਟਰ ਡਿਲੀਟ ਕਰਕੇ ਇਕ ਖਾਲੀ ਪਰਫਾਰਮਾ ਬਣਾ ਲਿਆ ਜਾਂਦਾ ਹੈ, ਇਸ ਵਿਚ ਕਥਿਤ ਤੌਰ ’ਤੇ ਸਰਕਾਰੀ ਮੋਹਰ ਤੇ ਅਧਿਕਾਰੀ ਦੇ ਹਸਤਾਖਰ ਰੱਖ ਲਏ ਜਾਂਦੇ ਹਨ। ਦੋਸ਼ ਹੈ ਕਿ ਇਸ ਤਰ੍ਹਾਂ ਤਿਆਰ ਐੱਨਓਸੀ ਦੇ ਆਧਾਰ ’ਤੇ ਅਣਅਪਰੂਵਡ ਕਾਲੋਨੀਆਂ ’ਚ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਹਨ। ਅਜਿਹੇ ਹੱਥਲਿਖਤ ਐੱਨਓਸੀ ਤਿਆਰ ਕਰਨ ਬਦਲੇ 50 ਤੋਂ 100 ਰੁਪਏ ਵਸੂਲੇ ਜਾਂਦੇ ਹਨ।
ਨਵੀਆਂ ਕਾਲੋਨੀਆਂ ਦੀਆਂ ਰਜਿਸਟਰੀਆਂ ਵੀ ਧੜਾਧੜ
ਹੈਰਾਨੀ ਦੀ ਗੱਲ ਹੈ ਕਿ ਜਿਥੇ ਸਰਕਾਰ ਨੇ ਅਣਅਪਰੂਵਡ ਕਾਲੋਨੀਆਂ ਕੱਟਣ ’ਤੇ ਸਖਤ ਮਨਾਹੀ ਕੀਤੀ ਹੋਈ ਹੈ ਤੇ ਅਜਿਹੀਆਂ ਕਾਲੋਨੀਆਂ ਦੀ ਰਜਿਸਟਰੀਆਂ ’ਤੇ ਵੀ ਰੋਕ ਲਗਾਈ ਹੈ ਪਰ ਬਾਵਜੂਦ ਇਸਦੇ ਜਿਥੇ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀ ਹਨ, ਉਥੇ ਦੂਜੇ ਪਾਸੇ ਅਜਿਹੀਆਂ ਕਾਲੋਨੀਆਂ ਦੀ ਰਜਿਸਟਰੀਆਂ ਵੀ ਧੜੱਲੇ ਨਾਲ ਕਰਕੇ ਸਰਕਾਰ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। --- 20 ਹਜ਼ਾਰ ਰੁਪਏ ਤੱਕ ਦੀ ਕਥਿਤ ਵਸੂਲੀ ਲੋਕਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਅਨੁਸਾਰ ਅਜਿਹੀ ਇਕ ਰਜਿਸਟਰੀ ਲਈ ਕਥਿਤ ਤੌਰ ’ਤੇ 20-20 ਹਜ਼ਾਰ ਰੁਪਏ ਤੱਕ ਦੀ ਵਸੂਲੀ ਕੀਤੀ ਜਾਂਦੀ ਹੈ। ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਮਾਮਲਾ ਸਿਰਫ਼ ਰਜਿਸਟਰੀ ਕਰਨ ਉਲੰਘਣਾ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਦਸਤਾਵੇਜ਼ੀ ਹੇਰਾਫੇਰੀ ਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਗੰਭੀਰ ਬਣ ਜਾਂਦਾ ਹੈ।
ਜਾਂਚਣ ਲਈ ਕਿਉਂ ਨਹੀਂ ਭੇਜੀ ਜਾਂਦੀ ਐੱਨਓਸੀ
ਚਰਚਾ ਹੈ ਕਿ ਅਜਿਹੀਆਂ ਹੱਥਲਿਖਤ ਜਾਂ ਸ਼ੱਕੀ ਐੱਨਓਸੀ ਨੂੰ ਸਬੰਧਤ ਵਿਭਾਗਾਂ ਜਿਵੇਂ ਪੁੱਡਾ ਜਾਂ ਨਗਰ ਨਿਗਮ ਕੋਲ ਭੇਜ ਕੇ ਅਸਲੀਅਤ ਦੀ ਪੁਸ਼ਟੀ ਕਰਵਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਲੋਕਾਂ ਅਨੁਸਾਰ ਜੇਕਰ ਐੱਨਓਸੀ ਦੀ ਅਸਲ ਕਾਪੀ ਸਰਕਾਰੀ ਰਿਕਾਰਡ ’ਚ ਮੌਜੂਦ ਹੈ ਤਾਂ ਉਸ ਨਾਲ ਮਿਲਾਨ ਕਰਨਾ ਸਭ ਤੋਂ ਸੌਖਾ ਤਰੀਕਾ ਹੋ ਸਕਦਾ ਹੈ। ਪੰਜਾਬ ਸਰਕਾਰ ਤੇ ਪੁੱਡਾ ਦੀਆਂ ਹਦਾਇਤਾਂ ’ਚ ਅਣਅਪਰੂਵਡ ਕਾਲੋਨੀਆਂ ਨਾਲ ਸਬੰਧਤ ਰਜਿਸਟਰੀਆਂ ਲਈ ਸਮਰੱਥ ਅਥਾਰਟੀ ਦੀ ਐੱਨਓਸੀ ਤੇ ਤਸਦੀਕ ਦੀ ਮਹੱਤਤਾ ਦਰਸਾਈ ਗਈ ਹੈ। 2024 ’ਚ ਦਿੱਤੀ ਗਈ ਵਿਸ਼ੇਸ਼ ਐੱਨਓਸੀ ਛੂਟ ਵੀ ਸੀਮਤ ਮਿਆਦ ਲਈ ਸੀ, ਜੋ 28 ਫਰਵਰੀ 2025 ਨੂੰ ਖ਼ਤਮ ਹੋ ਚੁੱਕੀ ਹੈ।
ਐੱਨਓਸੀ ਧਿਆਨ ਨਾਲ ਦੇਖੀ ਜਾਂਦੀ ਹੈ : ਆਰਸੀ
ਸਬ-ਰਜਿਸਟਰਾਰ-2 ਦੇ ਰਜਿਸਟਰੀ ਕਲਰਕ ਅਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਗਲਤ ਕੰਮ ਨਾ ਹੋਵੇ। ਉਨ੍ਹਾਂ ਕਿਹਾ ਕਿ ਹੱਥ ਲਿਖਤ ਐੱਨਓਸੀ ਜ਼ਰੂਰ ਧਿਆਨ ਨਾਲ ਦੇਖੀ ਜਾਂਦੀ ਹੈ। ਅਧਿਕਾਰੀ ਵੀ ਅਪਰੂਵਲ ਸਮੇਂ ਦਸਤਾਵੇਜ਼ਾਂ ਦੀ ਜਾਂਚ ਕਰਦੇ ਹੋਣਗੇ। ਇਸ ਸਬੰਧੀ ਆਰਸੀ ਜਲੰਧਰ-1 ਜਤਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਹੋ ਨਹੀਂ ਸਕੀ।