- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਟੀਫਿਕੇਟਾਂ ਲਈ ਦਫ਼ਤਰਾਂ ਦੇ ਗੇੜੇ ਖ਼ਤਮ, ਪੈਂਡੈਂਸੀ ਦਾ ਸਫ਼ਾਇਆ

-ਰੋਜ਼ਾਨਾ 150 ਐੱਸਸੀ, ਬੀਸੀ, ਰਿਹਾਇਸ਼ੀ ਤੇ ਇਨਕਮ ਸਰਟੀਫਿਕੇਟ ਦਾ ਕੀਤਾ ਜਾ ਰਿਹੈ ਨਿਬੇੜਾ
-ਮਾਂਵਾਂ-ਧੀਆਂ ਸਤਿਕਾਰ ਯੋਜਨਾ ਤੇ ਸਕਾਲਰਸ਼ਿਪ ਲਈ ਇਨਕਮ ਸਰਟੀਫਿਕੇਟਾਂ ਦੀ ਵਧੀ ਸੀ ਮੰਗ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਲੰਮੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਲਟਕ ਰਹੇ ਸਰਟੀਫਿਕੇਟਾਂ ਦੇ ਮਾਮਲਿਆਂ ਨੂੰ ਲੈ ਕੇ ਹੁਣ ਰਾਹਤ ਭਰੀ ਤਸਵੀਰ ਸਾਹਮਣੇ ਆਉਣ ਲੱਗੀ ਹੈ। ਦਫ਼ਤਰਾਂ ਵਿੱਚ ਕੰਮਕਾਜ ਮੁੜ ਲੀਹ ’ਤੇ ਆਉਣ ਨਾਲ ਪੁਰਾਣੀਆਂ ਪੈਂਡੈਂਸੀਆਂ ਨੂੰ ਕਾਫ਼ੀ ਹੱਦ ਤੱਕ ਕਲੀਅਰ ਕਰ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਲੋਕਾਂ ਨੂੰ ਐੱਸਸੀ, ਬੀਸੀ, ਰਿਹਾਇਸ਼ੀ ਅਤੇ ਇਨਕਮ ਸਰਟੀਫਿਕੇਟ ਬਣਵਾਉਣ ਲਈ ਕਈ-ਕਈ ਦਿਨ ਉਡੀਕ ਕਰਨੀ ਪੈਂਦੀ ਸੀ ਅਤੇ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਉੱਥੇ ਹੁਣ ਰੋਜ਼ਾਨਾ ਕਰੀਬ 130 ਤੋਂ 150 ਸਰਟੀਫਿਕੇਟਾਂ ਦੇ ਮਾਮਲੇ ਨਿਪਟਾਏ ਜਾ ਰਹੇ ਹਨ। ਪੜਤਾਲ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਪੁਰਾਣੀਆਂ ਅਰਜ਼ੀਆਂ ਦਾ ਬੋਝ ਘਟਿਆ ਹੈ ਅਤੇ ਨਵੇਂ ਆਉਣ ਵਾਲੇ ਮਾਮਲਿਆਂ ’ਤੇ ਵੀ ਨਾਲੋ-ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸਰਟੀਫਿਕੇਟ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਵਿੱਚ ਕਲਰਕਾਂ, ਹਲਕਾ ਪਟਵਾਰੀਆਂ, ਨੰਬਰਦਾਰਾਂ ਅਤੇ ਕੌਂਸਲਰਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਕਿਸੇ ਵੀ ਸਰਟੀਫਿਕੇਟ ਨੂੰ ਜਾਰੀ ਕਰਨ ਤੋਂ ਪਹਿਲਾਂ ਸਬੰਧਤ ਬਿਨੈਕਾਰ ਦੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਂਦੀ ਹੈ। ਕਲਰਕਾਂ ਵੱਲੋਂ ਅਰਜ਼ੀਆਂ ਸਬੰਧਤ ਹਲਕਾ ਪਟਵਾਰੀਆਂ ਨੂੰ ਭੇਜੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਪਟਵਾਰੀਆਂ ਵੱਲੋਂ ਨੰਬਰਦਾਰਾਂ ਅਤੇ ਕੌਂਸਲਰਾਂ ਕੋਲ ਤਸਦੀਕ ਲਈ ਭੇਜੇ ਜਾਂਦੇ ਹਨ। ਉੱਥੋਂ ਵੀ ਪੜਤਾਲ ਦੀ ਕਾਰਵਾਈ ਨਾਲੋ-ਨਾਲ ਕਲੀਅਰ ਹੋਣ ਕਾਰਨ ਸਰਟੀਫਿਕੇਟ ਜਾਰੀ ਕਰਨ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ।
-----------------------------
ਪੁਰਾਣੀਆਂ ਤੇ ਨਵੀਆਂ ਅਰਜ਼ੀਆਂ ਵੀ ਸ਼ਾਮਲ
ਦਫ਼ਤਰਾਂ ਵਿੱਚ ਰੋਜ਼ਾਨਾ ਕਰੀਬ 130 ਤੋਂ 150 ਐੱਸਸੀ, ਬੀਸੀ, ਰਿਹਾਇਸ਼ੀ ਅਤੇ ਇਨਕਮ ਸਰਟੀਫਿਕੇਟਾਂ ਦੇ ਮਾਮਲੇ ਨਿਪਟਾਏ ਜਾ ਰਹੇ ਹਨ। ਇਨ੍ਹਾਂ ਵਿੱਚ ਪੁਰਾਣੀਆਂ ਅਰਜ਼ੀਆਂ ਦੇ ਨਾਲ ਨਵੀਆਂ ਅਰਜ਼ੀਆਂ ਵੀ ਸ਼ਾਮਲ ਹਨ। ਪਹਿਲਾਂ ਪੜਤਾਲ ਦੇ ਵੱਖ-ਵੱਖ ਪੱਧਰਾਂ ’ਤੇ ਅਰਜ਼ੀਆਂ ਰੁਕਣ ਕਾਰਨ ਲੋਕਾਂ ਨੂੰ ਆਪਣੇ ਸਰਟੀਫਿਕੇਟਾਂ ਲਈ ਲੰਮੀ ਉਡੀਕ ਕਰਨੀ ਪੈਂਦੀ ਸੀ। ਕਈ ਵਾਰ ਇੱਕ ਪੱਧਰ ਤੋਂ ਦੂਜੇ ਪੱਧਰ ਤੱਕ ਫਾਈਲ ਪਹੁੰਚਣ ਅਤੇ ਪੜਤਾਲ ਪੂਰੀ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਸੀ।
-------------------------
ਮਾਂਵਾਂ-ਧੀਆਂ ਸਤਿਕਾਰ ਯੋਜਨਾ ਕਾਰਨ ਵਧਿਆ ਸੀ ਬੋਝ
ਮਾਂਵਾਂ-ਧੀਆਂ ਸਤਿਕਾਰ ਯੋਜਨਾ ਨਾਲ ਸਬੰਧਤ ਅਰਜ਼ੀਆਂ ਅਤੇ ਹੋਰ ਸਰਕਾਰੀ ਸਹੂਲਤਾਂ ਲਈ ਇਨਕਮ ਸਰਟੀਫਿਕੇਟਾਂ ਦੀ ਮੰਗ ਵਧਣ ਕਾਰਨ ਦਫ਼ਤਰਾਂ ਵਿੱਚ ਕੰਮ ਦਾ ਬੋਝ ਕਾਫ਼ੀ ਵਧ ਗਿਆ ਸੀ। ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਅਤੇ ਸਕਾਲਰਸ਼ਿਪ ਲਈ ਵੀ ਇਨਕਮ ਸਰਟੀਫਿਕੇਟਾਂ ਦੀ ਲੋੜ ਪੈਂਦੀ ਸੀ। ਇਸ ਕਾਰਨ ਇੱਕੋ ਸਮੇਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਦਫ਼ਤਰਾਂ ਵਿੱਚ ਪਹੁੰਚੀਆਂ ਅਤੇ ਪੜਤਾਲ ਦੀ ਪ੍ਰਕਿਰਿਆ ’ਤੇ ਵਾਧੂ ਬੋਝ ਪੈ ਗਿਆ। ਸਮੇਂ ਸਿਰ ਸਰਟੀਫਿਕੇਟ ਨਾ ਮਿਲਣ ਕਾਰਨ ਅਗਲੀ ਪ੍ਰਕਿਰਿਆ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ। ਹੁਣ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਨਾਲ ਅਜਿਹੇ ਪਰਿਵਾਰਾਂ ਨੂੰ ਵੀ ਰਾਹਤ ਮਿਲ ਰਹੀ ਹੈ।
----------------------
ਨਵੇਂ ਮਾਮਲੇ ਲਟਕਣ ਤੋਂ ਰੋਕਣਾ ਹੋਵੇਗੀ ਚੁਣੌਤੀ
ਪੁਰਾਣੀਆਂ ਪੈਂਡੈਂਸੀਆਂ ਕਲੀਅਰ ਹੋਣਾ ਆਮ ਲੋਕਾਂ ਲਈ ਵੱਡੀ ਰਾਹਤ ਹੈ, ਪਰ ਹੁਣ ਸਭ ਤੋਂ ਵੱਡੀ ਚੁਣੌਤੀ ਇਸ ਰਫ਼ਤਾਰ ਨੂੰ ਬਰਕਰਾਰ ਰੱਖਣ ਦੀ ਹੋਵੇਗੀ। ਸਰਕਾਰੀ ਦਫ਼ਤਰਾਂ ਵਿੱਚ ਹਰ ਰੋਜ਼ ਨਵੀਆਂ ਅਰਜ਼ੀਆਂ ਪਹੁੰਚਦੀਆਂ ਹਨ। ਜੇਕਰ ਪੜਤਾਲ ਦੀ ਪ੍ਰਕਿਰਿਆ ਵਿੱਚ ਸ਼ਾਮਲ ਹਰ ਪੱਧਰ ’ਤੇ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾਵੇ ਤਾਂ ਨਵੇਂ ਮਾਮਲਿਆਂ ਨੂੰ ਪੈਂਡਿੰਗ ਹੋਣ ਤੋਂ ਰੋਕਿਆ ਜਾ ਸਕਦਾ ਹੈ। ਮਹੀਨਿਆਂ ਤੋਂ ਲਟਕੀਆਂ ਅਰਜ਼ੀਆਂ ਦਾ ਨਿਪਟਾਰਾ ਹੋਣਾ ਅਤੇ ਰੋਜ਼ਾਨਾ ਕਰੀਬ 130 ਤੋਂ 150 ਸਰਟੀਫਿਕੇਟਾਂ ਦੇ ਮਾਮਲੇ ਕਲੀਅਰ ਹੋਣਾ ਲੋਕਾਂ ਲਈ ਰਾਹਤ ਦੀ ਗੱਲ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦਫ਼ਤਰਾਂ ਵਿੱਚ ਆਈ ਇਹ ਤੇਜ਼ੀ ਸਿਰਫ਼ ਪੁਰਾਣੀ ਪੈਂਡੈਂਸੀ ਖ਼ਤਮ ਕਰਨ ਤੱਕ ਸੀਮਤ ਰਹਿੰਦੀ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਆਪਣੇ ਜਾਇਜ਼ ਸਰਟੀਫਿਕੇਟ ਨਿਰਧਾਰਤ ਸਮੇਂ ਅੰਦਰ ਮਿਲਦੇ ਰਹਿਣਗੇ।