ਨਾ ਬਿਜਲੀ, ਨਾ ਪਾਣੀ, ਲੋਕ ਸੜਕਾਂ 'ਤੇ ਉਤਰੇ, ਪਾਵਰਕਾਮ ਬੇਵੱਸ ਨਾ ਬਿਜਲੀ, ਨਾ ਪਾਣੀ, ਲੋਕ ਸੜਕਾਂ 'ਤੇ ਉਤਰੇ, ਪਾਵਰਕਾਮ ਬੇਵੱਸ
Publish Date: Sun, 26 Jul 2026 08:46 PM (IST)
Updated Date: Mon, 27 Jul 2026 04:07 AM (IST)
* ਤਿੰਨ ਦਿਨਾਂ ’ਚ ਮਿਲੀ ਸਿਰਫ ਛੇ ਘੰਟੇ ਬਿਜਲੀ, ਖੁਰਲਾ ਖਿੰਗਰਾ ਵਾਸੀ ਵੱਲੋਂ ਪ੍ਰਦਰਸ਼ਨ ਕਮਲ ਕਿਸ਼ੋਰ, ਜਾਗਰਣ ਜਲੰਧਰ : ਤਿੰਨ ਦਿਨ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਭੜਕੇ ਖੁਰਲਾ ਖਿੰਗਰਾ ਵਾਸੀ ਐਤਵਾਰ ਨੂੰ ਸੜਕਾਂ ਤੇ ਉਤਰ ਆਏ। ਪਿਛਲੇ ਤਿੰਨ ਦਿਨਾਂ ਦੌਰਾਨ ਇਲਾਕੇ ’ਚ ਸਿਰਫ਼ ਛੇ ਘੰਟੇ ਹੀ ਬਿਜਲੀ ਸਪਲਾਈ ਮਿਲੀ। ਰੋਜ਼ਾਨਾ ਬਿਜਲੀ ਦੇ ਫਾਲਟ ਪੈ ਰਹੇ ਸਨ। ਲੋਕਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਫਾਲਟ ਠੀਕ ਕਰਨ ਲਈ ਕੋਈ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ। ਬਿਜਲੀ ਨਾ ਹੋਣ ਕਾਰਨ ਸਵੇਰੇ ਤੇ ਸ਼ਾਮ ਵੇਲੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ। ਘਰਾਂ ’ਚ ਲੱਗੇ ਇਨਵਰਟਰ ਵੀ ਜਵਾਬ ਦੇ ਗਏ। ਹੁੰਮਸ ਭਰੀ ਗਰਮੀ ’ਚ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਪਿਛਲੇ ਤਿੰਨ ਦਿਨ ਤੋਂ ਬਿਜਲੀ ਤੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਮਜਬੂਰਨ ਸੜਕਾਂ ਤੇ ਉਤਰਨਾ ਪਿਆ। ਲੋਕ ਦੁਪਹਿਰ 12 ਵਜੇ ਡਾ. ਬੀ.ਆਰ. ਅੰਬੇਡਕਰ ਰੋਡ ਨੇੜੇ ਟੀਵੀ ਟਾਵਰ ਵਾਲੀ ਸੜਕ ਦੇ ਵਿਚਕਾਰ ਟੈਂਟ ਲਗਾ ਕੇ ਬੈਠ ਗਏ। ਦੋਵੇਂ ਪਾਸਿਆਂ ਦੀ ਸੜਕ ਨੂੰ ਰੱਸੀਆਂ ਲਗਾ ਕੇ ਬੰਦ ਕਰ ਦਿੱਤਾ ਗਿਆ। ਸੜਕ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਮੌਕੇ ਤੇ ਪਹੁੰਚੀ, ਪਰ ਲੋਕਾਂ ਨੇ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦੀ ਮੰਗ ਸੀ ਕਿ ਪਹਿਲਾਂ ਬਿਜਲੀ ਤੇ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇ, ਇਸ ਤੋਂ ਬਾਅਦ ਹੀ ਧਰਨਾ ਖ਼ਤਮ ਕੀਤਾ ਜਾਵੇਗਾ। ਸ਼ਾਮ ਸਾਢੇ ਚਾਰ ਵਜੇ ਧਰਨਾ ਸਮਾਪਤ ਕਰ ਦਿੱਤਾ ਗਿਆ ਤੇ ਇਲਾਕੇ ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਰਾਤ ਨੂੰ ਨਹੀਂ ਆਉਂਦੀ ਬਿਜਲੀ, ਜਨ-ਜੀਵਨ ਹੋ ਰਿਹੈ ਪ੍ਰਭਾਵਿਤ ਫੋਟੋ- 31, 32, 35, 37 ਖੁਰਲਾ ਖਿੰਗਰਾ ਵਾਸੀ ਕੁਲਦੀਪ ਕੌਰ, ਪੰਕਜ, ਸੂਰਜ ਤੇ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੈ। ਰਾਤ ਸਮੇਂ ਤਾਂ ਬਿਜਲੀ ਬੰਦ ਹੀ ਰਹਿੰਦੀ ਹੈ। 24 ਘੰਟਿਆਂ ’ਚ ਸਿਰਫ਼ ਤਿੰਨ ਘੰਟੇ ਬਿਜਲੀ ਮਿਲਦੀ ਹੈ ਤੇ ਫਿਰ ਕੱਟ ਲੱਗ ਜਾਂਦਾ ਹੈ। ਬਿਜਲੀ ਬੰਦ ਹੋਣ ਕਾਰਨ ਸਵੇਰੇ-ਸ਼ਾਮ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹਿੰਦੀ ਹੈ। ਮਜਬੂਰੀ ’ਚ ਸੜਕ ਜਾਮ ਕਰਨੀ ਪਈ। ਅਸੀਂ ਨਹੀਂ ਚਾਹੁੰਦੇ ਕਿ ਰਾਹਗੀਰਾਂ ਨੂੰ ਪਰੇਸ਼ਾਨੀ ਹੋਵੇ, ਪਰ ਬਿਨਾਂ ਬਿਜਲੀ ਤੇ ਪਾਣੀ ਦੇ ਲੋਕ ਕਿਵੇਂ ਰਹਿ ਸਕਦੇ ਹਨ। ਇਕ ਘੰਟਾ ਬਿਜਲੀ ਆਉਂਦੀ ਹੈ ਤੇ ਫਿਰ ਬੰਦ ਹੋ ਜਾਂਦੀ ਹੈ। ਮਹਿਲਾ ਕਾਂਗਰਸੀ ਆਗੂ ਅਨੁਰਾਧਾ ਬੰਗਾ ਨੇ ਕਿਹਾ ਕਿ ਪਾਣੀ ਵਾਲੀ ਮੋਟਰ ਲਈ ਜਨਰੇਟਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਘੱਟੋ-ਘੱਟ ਪੀਣ ਵਾਲਾ ਪਾਣੀ ਤਾਂ ਮਿਲ ਸਕੇ। ਮੋਟਰ ਨੂੰ ਜਨਰੇਟਰ ਨਾਲ ਜੋੜਿਆ ਜਾਵੇ, ਤਾਂ ਜੋ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਬਾਵਜੂਦ ਪਾਣੀ ਦੀ ਸਪਲਾਈ ਬੰਦ ਨਾ ਹੋਵੇ। ----------------------- ਕਿਵੇਂ ਠੀਕ ਹੋਣ ਫਾਲਟ, ਕਰਮਚਾਰੀ ਹੜਤਾਲ ਤੇ ਫਾਲਟ ਠੀਕ ਕਰਨ ’ਚ ਹੋ ਰਹੀ ਦੇਰੀ ਕਾਰਨ ਪਾਵਰਕਾਮ ਵੀ ਬੇਵੱਸ ਨਜ਼ਰ ਆ ਰਿਹਾ ਹੈ। ਹਾਲਾਤ ਇਹ ਹਨ ਕਿ ਫਾਲਟ ਠੀਕ ਕਰਨ ਵਾਲੇ ਤਕਨੀਕੀ ਤੇ ਸੀਐੱਚਬੀ ਕਰਮਚਾਰੀ ਹੜਤਾਲ ਤੇ ਚੱਲ ਰਹੇ ਹਨ। ਇਕ ਪਾਸੇ ਸ਼ਿਕਾਇਤ ਦਰਜ ਹੋ ਰਹੀ ਹੈ, ਪਰ ਦੂਜੇ ਪਾਸੇ ਉਸ ਨੂੰ ਠੀਕ ਕਰਨ ਵਾਲਾ ਕੋਈ ਨਹੀਂ ਹੈ। ਸ਼ਹਿਰ ਦੇ ਕੁਝ ਇਲਾਕਿਆਂ ’ਚ ਸ਼ਨਿਚਰਵਾਰ ਰਾਤ ਨੂੰ ਬਿਜਲੀ ਦਾ ਫਾਲਟ ਪਿਆ, ਪਰ ਐਤਵਾਰ ਤੱਕ ਉਸ ਨੂੰ ਠੀਕ ਕਰਨ ਲਈ ਕੋਈ ਨਹੀਂ ਪਹੁੰਚਿਆ। ਲੋਕਾਂ ਨੂੰ ਲੰਬੇ ਸਮੇਂ ਤੱਕ ਬਿਨਾਂ ਬਿਜਲੀ ਦੇ ਰਹਿਣਾ ਪਿਆ। ਹੜਤਾਲ ’ਚ ਸ਼ਾਮਲ ਨਾ ਹੋਏ ਸੇਵਾਮੁਕਤ ਹੋਣ ਵਾਲੇ ਕਰਮਚਾਰੀ ਹੀ ਫਾਲਟ ਠੀਕ ਕਰ ਰਹੇ ਹਨ, ਜਿਨ੍ਹਾਂ ਦੀ ਗਿਣਤੀ ਸਿਰਫ਼ ਇਕ ਫੀਸਦੀ ਦੇ ਕਰੀਬ ਹੈ। ਸ਼ਿਕਾਇਤ ਕੇਂਦਰਾਂ ’ਚ ਟ੍ਰੇਨਿੰਗ ਕਰਮਚਾਰੀ ਤਾਇਨਾਤ ਫੋਟੋ- 39 ਜਾਗਰਣ ਗਰੁੱਪ ਦੇ ਸੰਵਾਦਦਾਤਾ ਨੇ ਹੰਸਰਾਜ ਸਟੇਡੀਅਮ ਨੇੜੇ ਪਾਵਰਕਾਮ ਸੁਵਿਧਾ ਕੇਂਦਰ ਦਾ ਜਾਇਜ਼ਾ ਲਿਆ। ਸ਼ਿਕਾਇਤ ਕੇਂਦਰ ’ਚ ਟ੍ਰੇਨਿੰਗ ਕਰਮਚਾਰੀ ਬੈਠਾ ਸੀ, ਜੋ ਸਿਰਫ਼ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰ ਰਿਹਾ ਸੀ, ਪਰ ਸ਼ਿਕਾਇਤਾਂ ਅੱਗੇ ਫਾਰਵਰਡ ਨਹੀਂ ਕੀਤੀਆਂ ਜਾ ਰਹੀਆਂ ਸਨ। ਇਸ ਦਾ ਕਾਰਨ ਸੀ ਕਿ ਸੀਐੱਚਬੀ ਕਰਮਚਾਰੀ ਹੜਤਾਲ ’ਤੇ ਸਨ। ਕਰਮਚਾਰੀ ਨੇ ਦੱਸਿਆ ਕਿ ਐੱਸਡੀਓ ਨੇ ਸ਼ਿਕਾਇਤਾਂ ਦਰਜ ਕਰਨ ਲਈ ਕਿਹਾ ਹੈ। ਇਸ ਦੌਰਾਨ ਰਣਜੀਤ ਨਗਰ ਤੇ ਮਾਸਟਰ ਤਾਰਾ ਸਿੰਘ ਨਗਰ ਤੋਂ ਸ਼ਿਕਾਇਤਾਂ ਪਹੁੰਚੀਆਂ, ਜਿਨ੍ਹਾਂ ਨੂੰ ਦਰਜ ਕੀਤਾ ਗਿਆ। ਫੋਨ ਕਰਨ ਵਾਲੇ ਖ਼ਪਤਕਾਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਬਿਜਲੀ ਕਦੋਂ ਆਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਰਮਚਾਰੀ ਹੜਤਾਲ ਤੇ ਹਨ, ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਇਸ ਦੇ ਨਿਪਟਾਰੇ ’ਚ ਦੇਰੀ ਹੋ ਸਕਦੀ ਹੈ। ਹੜਤਾਲ ਤੇ ਹਨ 1200 ਤੋਂ 1500 ਕਰਮਚਾਰੀ ਪੈਂਡਿੰਗ ਮੰਗਾਂ ਨੂੰ ਲੈ ਕੇ ਨੋਡਲ ਕੰਪਲੇਂਟ ਸੈਂਟਰ, ਲਾਈਨਮੈਨ ਤੇ ਅਸਿਸਟੈਂਟ ਲਾਈਨਮੈਨ, ਸੀਐੱਚਬੀ ਕਰਮਚਾਰੀ, ਸੁਵਿਧਾ ਕੇਂਦਰ ਤੇ ਮੀਟਰ ਲੈਬ ਦੇ ਕੁੱਲ 1200 ਤੋਂ 1500 ਕਰਮਚਾਰੀ ਹੜਤਾਲ ’ਤੇ ਹਨ। ਕਰਮਚਾਰੀਆਂ ਦੇ ਹੜਤਾਲ ਤੇ ਜਾਣ ਕਾਰਨ ਪਾਵਰਕਾਮ ਦਾ ਲਗਭਗ ਹਰ ਕੰਮ ਪ੍ਰਭਾਵਿਤ ਹੋ ਗਿਆ ਹੈ। ਬਿਜਲੀ ਬਿੱਲ ਜਮ੍ਹਾਂ ਨਾ ਹੋਣ ਦੇ ਨਾਲ-ਨਾਲ ਔਸਤ ਬਿੱਲ ਵੀ ਤਿਆਰ ਨਹੀਂ ਹੋ ਰਹੇ। ਬਿਲਿੰਗ ਕਾਊਂਟਰ ਬੰਦ ਪਏ ਹਨ। ਨਵੇਂ ਬਿਜਲੀ ਕੁਨੈਕਸ਼ਨਾਂ ਦਾ ਕੰਮ ਰੁਕਿਆ ਹੋਇਆ ਹੈ। ਪ੍ਰੋਜੈਕਟਾਂ ਨਾਲ ਸਬੰਧਤ ਕੰਮ ਵੀ ਪੂਰੀ ਤਰ੍ਹਾਂ ਠੱਪ ਹਨ। ਸ਼ਿਕਾਇਤਾਂ ਦਾ ਨਿਪਟਾਰਾ ਵੀ ਦੇਰੀ ਨਾਲ ਹੋ ਰਿਹਾ ਹੈ। ----------------------- ਗਲੇਨ ਮੋਰ ’ਚ 15 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਸ਼ਹਿਰ ਦੇ ਕੁਝ ਇਲਾਕਿਆਂ ’ਚ 10 ਤੋਂ 14 ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹੀ। ਇਲਾਕਾ ਵਾਸੀ ਹਰਵਿੰਦਰ ਸਿੰਘ ਤੇ ਪਰਮਜੀਤ ਕੌਰ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਇਕ ਵਜੇ ਬਿਜਲੀ ਬੰਦ ਹੋਈ ਤੇ ਐਤਵਾਰ ਦੁਪਹਿਰ ਤਿੰਨ ਵਜੇ ਬਿਜਲੀ ਸਪਲਾਈ ਸ਼ੁਰੂ ਹੋ ਸਕੀ। ਸ਼ਿਕਾਇਤ ਦਰਜ ਕਰਵਾਈ ਗਈ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਬਿਜਲੀ ਕਿਉਂ ਬੰਦ ਸੀ ਤੇ ਕੀ ਫਾਲਟ ਆਇਆ ਸੀ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ। ਸ਼ਿਕਾਇਤ ਕੇਂਦਰ ’ਚ ਬੈਠੇ ਕਰਮਚਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਨਿਪਟਾਰੇ ’ਚ ਦੇਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮਾਡਲ ਹਾਊਸ, ਮਾਸਟਰ ਤਾਰਾ ਸਿੰਘ ਨਗਰ, ਰਣਜੀਤ ਨਗਰ, ਗੁਰੂ ਨਾਨਕਪੁਰਾ ਵੈਸਟ, ਸੋਢਲ ਰੋਡ, ਹਰਬੰਸ ਨਗਰ, ਸੰਜੇ ਗਾਂਧੀ ਨਗਰ, ਜਲੰਧਰ ਕੈਂਟ ਤੇ ਮਿੱਠਾਪੁਰ ’ਚ ਬਿਜਲੀ ਦੀ ਲੁਕਣ-ਮੀਟੀ ਕਾਰਨ ਤਿੰਨ ਤੋਂ ਚਾਰ ਘੰਟੇ ਤੱਕ ਬਿਜਲੀ ਬੰਦ ਰਹੀ। ------------------ 1235 ਸ਼ਿਕਾਇਤਾਂ ਪੁੱਜੀਆਂ, 70 ਫ਼ੀਸਦੀ ਦਾ ਹੋਇਆ ਨਿਪਟਾਰਾ ਐਤਵਾਰ ਨੂੰ ਪਾਵਰਕਾਮ ਕੋਲ 1235 ਸ਼ਿਕਾਇਤਾਂ ਪਹੁੰਚੀਆਂ। ਇਨ੍ਹਾਂ ’ਚੋਂ 70 ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਜਦਕਿ ਬਾਕੀ ਸ਼ਿਕਾਇਤਾਂ ਦਾ ਨਿਪਟਾਰਾ ਰਾਤ ਅੱਠ ਵਜੇ ਤੱਕ ਕਰ ਦਿੱਤਾ ਗਿਆ। 80 ਫੀਸਦੀ ਸ਼ਿਕਾਇਤਾਂ ਟਰਾਂਸਫਾਰਮਰ ’ਚ ਆਏ ਫਾਲਟ ਨਾਲ ਸਬੰਧਤ ਸਨ, ਜਦਕਿ 20 ਫੀਸਦੀ ਸ਼ਿਕਾਇਤਾਂ ਜੰਪਰ ਟੁੱਟਣ ਤੇ ਤਾਰਾਂ ਸੜਨ ਨਾਲ ਸਬੰਧਤ ਸਨ। ਸ਼ਿਕਾਇਤਾਂ ਦਾ ਨਿਪਟਾਰਾ ਕਰਨ ’ਚ 10 ਤੋਂ 24 ਘੰਟਿਆਂ ਤੱਕ ਦਾ ਸਮਾਂ ਲੱਗਿਆ। ਸ਼ਿਕਾਇਤਾਂ ਤਾਂ ਦਰਜ ਕੀਤੀਆਂ ਜਾ ਰਹੀਆਂ ਸਨ, ਪਰ ਉਨ੍ਹਾਂ ਨੂੰ ਅੱਗੇ ਫਾਰਵਰਡ ਕਰਨ ਦੀ ਪ੍ਰਕਿਰਿਆ ਬਹੁਤ ਘੱਟ ਹੋ ਰਹੀ ਸੀ। ------------------------- ਕੋਟਸ)------ ਸਟਾਫ ਦੇ ਹੜਤਾਲ ਤੇ ਹੋਣ ਕਾਰਨ ਫਾਲਟ ਠੀਕ ਕਰਨ ’ਚ ਸਮਾਂ ਲੱਗਾ। ਜਿਹੜੇ ਕਰਮਚਾਰੀ ਸੇਵਾਮੁਕਤੀ ਨੇੜੇ ਹਨ, ਉਹ ਹੜਤਾਲ ’ਚ ਸ਼ਾਮਲ ਨਹੀਂ ਹੋਏ ਤੇ ਇਨ੍ਹਾਂ ਕਰਮਚਾਰੀਆਂ ਨੇ ਫਾਲਟ ਠੀਕ ਕੀਤੇ। ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਵੀ ਇਕ ਫ਼ੀਸਦੀ ਤੋਂ ਘੱਟ ਹੈ। ਇਸ ਕਾਰਨ ਫਾਲਟ ਠੀਕ ਕਰਨ ’ਚ ਦੇਰੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਖੁਰਲਾ ਖਿੰਗਰਾ ਇਲਾਕੇ ’ਚ ਬਿਜਲੀ ਦਾ ਖੰਭਾ ਟੁੱਟਿਆ ਹੋਇਆ ਸੀ। ਠੇਕੇਦਾਰ ਨੂੰ ਕਹਿ ਕੇ ਖੰਭਾ ਠੀਕ ਕਰਵਾਇਆ ਗਿਆ ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਕੁਝ ਕਰਮਚਾਰੀ ਹੜਤਾਲ ਤੋਂ ਵਾਪਸ ਆ ਗਏ ਹਨ, ਜੋ ਹੁਣ ਫੀਲਡ ’ਚ ਜਾ ਕੇ ਫਾਲਟ ਠੀਕ ਕਰ ਰਹੇ ਹਨ। - ਗੁਲਸ਼ਨ ਚੁਟਾਨੀ, ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ।