- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਤਿਨ ਕੋਹਲੀ ਨੇ ਪੰਜਾਬ ’ਚ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਉਣ

ਕਿਹਾ, ਆਜ਼ਾਦੀ ਮਗਰੋਂ ਪੰਜਾਬ ’ਚ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸੂਬੇ ਲਈ ਇਕ ਇਤਿਹਾਸਕ ਪਲ
ਪੰਜਾਬ ਦੀ ਅਮੀਰ ਹਾਕੀ ਪਰੰਪਰਾ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਜਲੰਧਰ ਦੇ ਬਰਲਟਨ ਪਾਰਕ ਵਿਖੇ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਉਦਘਾਟਨ ਦੇ ਨਾਲ ਪੰਜਾਬ ’ਚ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਉਣ ਦਾ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਸੁਪਨਾ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੋਹਲੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ’ਚ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸੂਬੇ ਲਈ ਇਕ ਇਤਿਹਾਸਕ ਪਲ ਤੇ ਇਸ ਦੀ ਅਮੀਰ ਹਾਕੀ ਪਰੰਪਰਾ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਗੱਲਬਾਤ ਨੂੰ ਯਾਦ ਕਰਦਿਆਂ ਕੋਹਲੀ ਨੇ ਕਿਹਾ, “ਉਨ੍ਹਾਂ ਨੇ ਇਕ ਵਾਰ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਪੰਜਾਬ ’ਚ ਅਜੇ ਤੱਕ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਉਣਾ ਸੰਭਵ ਨਹੀਂ ਹੋ ਸਕਿਆ। ਇਹ ਸੁਣ ਕੇ ਉਹ ਹੈਰਾਨ ਹੋਏ ਤੇ ਉਨ੍ਹਾਂ ਨੇ ਤੁਰੰਤ ਇਸ ਨੂੰ ਸੰਭਵ ਬਣਾਉਣ ਦਾ ਭਰੋਸਾ ਦਿੱਤਾ। ਜਦੋਂ ਉਨ੍ਹਾਂ ਨੇ ਹਾਕੀ ਇੰਡੀਆ ਨਾਲ ਸੰਪਰਕ ਕੀਤਾ ਤਾਂ ਭੋਲਾ ਨਾਥ ਸਿੰਘ ਨੇ ਵੀ ਟੂਰਨਾਮੈਂਟ ਪੰਜਾਬ ’ਚ ਲਿਆਉਣ ਲਈ ਆਪਣਾ ਸਮਰਥਨ ਤੇ ਵਚਨਬੱਧਤਾ ਜਤਾਈ। ਅੱਜ ਉਹ ਸੁਪਨਾ ਸਾਕਾਰ ਹੋ ਗਿਆ ਹੈ।” ਕੋਹਲੀ ਨੇ ਇਸ ਚੈਂਪੀਅਨਸ਼ਿਪ ਨੂੰ ਸੰਭਵ ਬਣਾਉਣ ’ਚ ਸਮੂਹਿਕ ਯੋਗਦਾਨ ਲਈ ਮੁੱਖ ਮੰਤਰੀ, ਹਾਕੀ ਇੰਡੀਆ, ਏਸ਼ੀਅਨ ਹਾਕੀ ਫੈਡਰੇਸ਼ਨ, ਪੰਜਾਬ ਦੇ ਖੇਡ ਵਿਭਾਗ, ਪ੍ਰਸ਼ਾਸਨ, ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ, ਖਿਡਾਰੀਆਂ ਤੇ ਹਾਕੀ ਪ੍ਰੇਮੀਆਂ ਦਾ ਧੰਨਵਾਦ ਕੀਤਾ। ਬਰਲਟਨ ਪਾਰਕ ਬਾਰੇ ਗੱਲ ਕਰਦਿਆਂ ਕੋਹਲੀ ਨੇ ਕਿਹਾ ਕਿ ਇਸ ਇਤਿਹਾਸਕ ਹਾਕੀ ਸਥਾਨ ਦਾ ਮੁੜ ਵਿਕਾਸ ਜਲੰਧਰ ਤੇ ਪੰਜਾਬ ਦੇ ਖੇਡ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਖੇਡਾਂ ਦੇ ਬੁਨਿਆਦੀ ਢਾਂਚੇ ’ਚ ਲਗਾਤਾਰ ਨਿਵੇਸ਼ ਨਾਲ ਆਉਣ ਵਾਲੇ ਸਾਲਾਂ ’ਚ ਸੂਬਾ ਕਈ ਹੋਰ ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਹੋਵੇਗਾ। ਕੋਹਲੀ ਨੇ ਭਾਰਤੀ ਹਾਕੀ ’ਚ ਪੰਜਾਬ ਦੇ ਲੰਬੇ ਸਮੇਂ ਤੋਂ ਰਹੇ ਯੋਗਦਾਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਖਿਡਾਰੀ ਏਸ਼ੀਆਈ ਖੇਡਾਂ ਤੇ ਓਲੰਪਿਕ ਖੇਡਾਂ ਸਮੇਤ ਵੱਡੇ ਕੌਮਾਂਤਰੀ ਮੁਕਾਬਲਿਆਂ ’ਚ ਲਗਾਤਾਰ ਦੇਸ਼ ਦੀ ਨੁਮਾਇੰਦਗੀ ਕਰਦੇ ਰਹੇ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਆਪਣੇ ਖਿਡਾਰੀਆਂ ਨੂੰ ਘਰੇਲੂ ਮੈਦਾਨ 'ਤੇ ਖੇਡਦਿਆਂ ਦੇਖਣ ਦਾ ਮੌਕਾ ਮਿਲਣ 'ਤੇ ਵੀ ਖੁਸ਼ੀ ਜ਼ਾਹਰ ਕੀਤੀ। ਕੋਹਲੀ ਨੇ ਕੌਮਾਂਤਰੀ ਮੁਕਾਬਲੇ ਲਈ ਖੇਡ ਸਥਾਨਾਂ ਨੂੰ ਤਿਆਰ ਕਰਨ ਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ’ਚ ਯੋਗਦਾਨ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਤੇ ਸਾਰੇ ਸਬੰਧਤ ਵਿਭਾਗਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਆਪਸੀ ਤਾਲਮੇਲ ਸਦਕਾ ਥੋੜ੍ਹੇ ਸਮੇਂ ’ਚ ਤਿਆਰੀਆਂ ਪੂਰੀਆਂ ਕਰਨਾ ਸੰਭਵ ਹੋ ਸਕਿਆ। ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕੋਹਲੀ ਨੇ ਸੂਬਾ ਸਰਕਾਰ ਨੂੰ ਹਾਕੀ ਨੂੰ ਉਤਸ਼ਾਹਿਤ ਕਰਨ ਤੇ ਖੇਡਾਂ ’ਚ ਨਿਵੇਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵੱਡੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਨਿਯਮਤ ਮੇਜ਼ਬਾਨੀ ਕਰਨ ਵਾਲੇ ਸੂਬੇ ਵਜੋਂ ਉਭਰੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਹਾਕੀ ਪੰਜਾਬ ਸੂਬੇ ਦੀਆਂ ਖੇਡਾਂ ਨਾਲ ਸਬੰਧਤ ਇੱਛਾਵਾਂ ਨੂੰ ਪੂਰਾ ਕਰਨ ਤੇ ਭਾਰਤ ’ਚ ਹਾਕੀ ਪ੍ਰਤਿਭਾ ਦੇ ਪ੍ਰਮੁੱਖ ਕੇਂਦਰਾਂ ’ਚੋਂ ਇਕ ਵਜੋਂ ਪੰਜਾਬ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਰਹੇਗਾ।