- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਤੀ ਆਯੋਗ ਦੀ ਟੀਮ ਵੱਲੋਂ ਸਰਕਾਰੀ ਮਿਡਲ ਸਕੂਲ ਬਾਹਮਣੀਆਂ ਦਾ ਦੌਰਾ

--ਬਾਰੀਕੀ ਨਾਲ ਲਿਆ ਸਿੱਖਿਆ ਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਸਿੱਖਿਆ ਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਚਲਾਈ ਗਈ 'ਐਸਪੀਰੇਸ਼ਨਲ ਬਲਾਕ' ਯੋਜਨਾ ਤਹਿਤ ਜਲੰਧਰ ਜ਼ਿਲ੍ਹੇ ਦੇ ਬਲਾਕ ਸ਼ਾਹਕੋਟ-1 ਤੇ 2 ਵਿੱਚ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਬਲਾਕਾਂ ਦੇ ਸਰਬਪੱਖੀ ਵਿਕਾਸ ਲਈ ਜਿੱਥੇ ਸਮੇਂ-ਸਮੇਂ 'ਤੇ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਉੱਥੇ ਹੀ ਇਨ੍ਹਾਂ ਫੰਡਾਂ ਦੀ ਸੁਚੱਜੀ ਵਰਤੋਂ ਤੇ ਜ਼ਮੀਨੀ ਪੱਧਰ 'ਤੇ ਹੋ ਰਹੇ ਕੰਮਾਂ ਨੂੰ ਵਾਚਣ ਲਈ ਕੇਂਦਰੀ ਟੀਮਾਂ ਵੱਲੋਂ ਲਗਾਤਾਰ ਨਿਰੀਖਣ ਵੀ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਕੇਂਦਰ ਦੀ ਨੀਤੀ ਆਯੋਗ ਦੀ ਇੱਕ ਉੱਚ ਪੱਧਰੀ ਟੀਮ ਵੱਲੋਂ ਬਲਾਕ ਸ਼ਾਹਕੋਟ-1 ਦੇ ਸਰਕਾਰੀ ਮਿਡਲ ਸਕੂਲ ਬਾਹਮਣੀਆਂ ਦੀ ਅਚਨਚੇਤ ਵਿਸ਼ੇਸ਼ ਚੈਕਿੰਗ ਕੀਤੀ ਗਈ। ਸਕੂਲ ਦੇ ਨਿਰੀਖਣ ਲਈ ਪੁੱਜੀ ਟੀਮ ਦੀ ਅਗਵਾਈ ਨੀਤੀ ਆਯੋਗ ਦਿੱਲੀ ਦੀ ਯੰਗ ਪ੍ਰੋਫੈਸ਼ਨਲ ਸਾਤਵਿਕਾ ਸਿੰਘ ਕਰ ਰਹੇ ਸਨ।
ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਤੋਂ ਐਸਪੀਰੇਸ਼ਨਲ ਬਲਾਕ ਫੈਲੋ ਹਰਸਿਮਰਨ, ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ, ਬਲਾਕ ਨੋਡਲ ਅਫ਼ਸਰ ਸ਼ਾਹਕੋਟ-1 ਪ੍ਰਿੰਸੀਪਲ ਜਸਪਾਲਜੀਤ ਕੌਰ, ਅਭਿਸ਼ੇਕ ਸਿੰਗਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ-1 ਨਿਰਮਲ ਸਿੰਘ ਤੇ ਸ਼ਾਹਕੋਟ-2 ਵਿਜੈ ਕੁਮਾਰ ਨਰੂਲਾ ਉਚੇਚੇ ਤੌਰ 'ਤੇ ਪੁੱਜੇ। ਸਕੂਲ ’ਚ ਪੁੱਜਣ 'ਤੇ ਸਕੂਲ ਇੰਚਾਰਜ ਵੀਰ ਪਾਲ ਸ਼ਰਮਾ ਤੇ ਸਮੂਹ ਸਟਾਫ਼ ਵੱਲੋਂ ਆਏ ਹੋਏ ਉੱਚ ਅਧਿਕਾਰੀਆਂ ਦਾ ਫੁੱਲਾਂ ਦੇ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਜਾਂਚ ਟੀਮ ਦੇ ਇੰਚਾਰਜ ਸਾਤਵਿਕਾ ਸਿੰਘ ਵੱਲੋਂ ਸਕੂਲ ਦੇ ਸਮੁੱਚੇ ਵਿੱਦਿਅਕ ਅਤੇ ਬੁਨਿਆਦੀ ਢਾਂਚੇ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਜਮਾਤਾਂ ਵਿੱਚ ਜਾ ਕੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ। ਇਸ ਤੋਂ ਇਲਾਵਾ ਟੀਮ ਵੱਲੋਂ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੀ ਗੁਣਵੱਤਾ, ਸਾਫ਼-ਸੁਥਰੇ ਵਾਸ਼ਰੂਮ, ਪੀਣ ਵਾਲੇ ਸ਼ੁੱਧ ਪਾਣੀ ਦੇ ਪ੍ਰਬੰਧ, ਲੈਬ ਅਤੇ ਲਾਇਬ੍ਰੇਰੀ ਆਦਿ ਦਾ ਵੀ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ।
ਨਿਰੀਖਣ ਦੌਰਾਨ ਸਕੂਲ ਵਿੱਚ ਕੀਤੇ ਗਏ ਬਿਹਤਰੀਨ ਪ੍ਰਬੰਧਾਂ, ਸਾਫ਼-ਸਫ਼ਾਈ ਅਤੇ ਸੁਖਾਵੇਂ ਵਿੱਦਿਅਕ ਮਾਹੌਲ ਨੂੰ ਦੇਖ ਕੇ ਸਾਤਵਿਕਾ ਸਿੰਘ ਤੇ ਬਾਕੀ ਅਧਿਕਾਰੀਆਂ ਨੇ ਪੂਰੀ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਸਕੂਲ ਇੰਚਾਰਜ ਵੀਰ ਪਾਲ ਸ਼ਰਮਾ ਤੇ ਸਮੂਹ ਸਟਾਫ਼ ਵੱਲੋਂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਅਧਿਕਾਰੀਆਂ ਨੇ ਸਮੂਹ ਸਟਾਫ਼ ਨੂੰ ਹੱਲਾਸ਼ੇਰੀ ਦਿੰਦਿਆਂ ਪ੍ਰੇਰਿਤ ਕੀਤਾ ਕਿ ਉਹ ਭਵਿੱਖ ਵਿੱਚ ਵੀ ਬੱਚਿਆਂ ਦੀ ਮਿਆਰੀ ਪੜ੍ਹਾਈ ਤੇ ਸਕੂਲ ਦੇ ਵਿਕਾਸ ਲਈ ਇਸੇ ਤਰ੍ਹਾਂ ਯਤਨਸ਼ੀਲ ਰਹਿਣ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰਾਂ ਵਿਚ ਮਨਪ੍ਰੀਤ ਕੌਰ, ਪੂਜਾ, ਹਰਪਿੰਦਰ ਕੌਰ, ਮਨੀਸ਼ ਕੁਮਾਰ, ਸੀਐੱਚਟੀ ਬੱਗਾ ਰਾਕੇਸ਼ ਕੁਮਾਰ ਖਹਿਰਾ, ਅੰਮ੍ਰਿਤਪਾਲ, ਕਰਨਬੀਰ, ਨੇਹਾ, ਮੀਨਾ, ਸੁਮਨਦੀਪ ਤੇ ਸੁਨੀਤਾ ਆਦਿ ਹਾਜ਼ਰ ਸਨ।