- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਆਈਟੀ ਜਲੰਧਰ ਦਾ ਇਟਲੀ ਦੀ ਯੂਨੀਵਰਸਿਟੀ ਆਫ ਪੀਸਾ ਨਾਲ ਸਮਝੌਤਾ,

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਖੁੱਲ੍ਹਣਗੇ ਨਵੇਂ ਰਾਹਜਲੰਧਰ: ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐਨਆਈਟੀ) ਜਲੰਧਰ ਵੱਲੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਨਵੀਂ ਦਿਸ਼ਾ ਦਿੰਦਿਆਂ ਇਟਲੀ ਦੀ ਪ੍ਰਸਿੱਧ ਯੂਨੀਵਰਸਿਟੀ ਆਫ ਪੀਸਾ ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਝੌਤਾ ਐਨਆਈਟੀ ਜਲੰਧਰ ਅਤੇ ਯੂਨੀਵਰਸਿਟੀ ਆਫ ਪੀਸਾ ਦੇ ਡਿਪਾਰਟਮੈਂਟ ਆਫ ਐਨਰਜੀ, ਸਿਸਟਮਜ਼, ਟੈਰੀਟਰੀ ਐਂਡ ਕੰਸਟਰਕਸ਼ਨ ਇੰਜੀਨੀਅਰਿੰਗ ਵਿਚਕਾਰ ਹੋਇਆ ਹੈ। ਸਮਝੌਤੇ ’ਤੇ ਐਨਆਈਟੀ ਜਲੰਧਰ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਦਸਤਖ਼ਤ ਕੀਤੇ। ਇਸ ਮੌਕੇ ਸੰਸਥਾਨ ਦੇ ਰਜਿਸਟਰਾਰ ਪ੍ਰੋ. ਅਨੀਸ਼ ਸਚਦੇਵਾ, ਡੀਨ (ਇੰਟਰਨੈਸ਼ਨਲ ਐਂਡ ਇੰਡਸਟਰੀ ਅਫੇਅਰਜ਼) ਪ੍ਰੋ. ਅਜੈ ਬੰਸਲ, ਐਸੋਸੀਏਟ ਡੀਨ ਡਾ. ਸੌਰਭ ਕਾਂਗੋ ਅਤੇ ਡਾ. ਪ੍ਰਗਿਆ ਰੰਜਨ ਰਾਉਤ, ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਤੰਗੇਲਾਪੱਲੀ ਸ੍ਰੀਨਿਵਾਸ ਅਤੇ ਡਾ. ਰਾਜਨ ਕੁਮਾਰ ਵੀ ਹਾਜ਼ਰ ਸਨ। ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਸਾਂਝੇ ਖੋਜ ਪ੍ਰੋਜੈਕਟਾਂ, ਵਰਕਸ਼ਾਪਾਂ ਅਤੇ ਕਾਨਫਰੰਸਾਂ ਦਾ ਆਯੋਜਨ ਕਰਨਗੀਆਂ, ਜਿਸ ਨਾਲ ਅਕਾਦਮਿਕ ਅਤੇ ਵਿਗਿਆਨਕ ਖੇਤਰ ਵਿੱਚ ਨਵੇਂ ਵਿਚਾਰਾਂ ਅਤੇ ਤਕਨੀਕੀ ਗਿਆਨ ਦਾ ਆਦਾਨ-ਪ੍ਰਦਾਨ ਹੋ ਸਕੇਗਾ।