- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਐੱਚਐੱਮ ਮੁਲਾਜ਼ਮਾਂ ਨੇ ਕੀਤਾ ਹੱਕੀ ਮੰਗਾਂ ਸੰਬੰਧੀ ਸੰਘਰਸ਼ ਦਾ ਕੀਤਾ ਐਲਾਨ

-ਵਿਧਾਇਕਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
-9 ਨੂੰ ਧੂਰੀ ’ਚ ਹੋਵੇਗੀ ਮਹਾਂ ਰੋਸ ਰੈਲੀ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ:
ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਜ਼ਿਲ੍ਹਾ ਜਲੰਧਰ ਦੀ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਵੱਲੋਂ ਸਹਾਇਕ ਸਿਵਲ ਸਰਜਨ ਜਲੰਧਰ ਡਾ. ਜੋਤੀ ਫੁਕੇਲਾ ਨੂੰ ਐੱਨਐੱਚਐੱਮ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਸਬੰਧੀ ਪਹਿਲੀ ਅਕਤੂਬਰ ਨੂੰ ਪੰਜਾਬ ਭਰ ’ਚ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ ਜਾਣਗੇ। ਡਾ. ਪਨਖੁੜੀ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਰਕਾਰ ਨੂੰ ਪਿਛਲੀਆਂ ਮੀਟਿੰਗਾਂ ’ਚ ਕੀਤੇ ਗਏ ਫੈਸਲਿਆਂ ਤੇ ਭਰੋਸਿਆਂ ਨੂੰ ਅਮਲੀ ਰੂਪ ਦੇਣ ਦੀ ਮੰਗ ਕੀਤੀ ਜਾਵੇਗੀ। ਇਸੇ ਲੜੀ ਤਹਿਤ 9 ਅਕਤੂਬਰ ਨੂੰ ਸੂਬਾ ਪੱਧਰੀ ਮਹਾ ਰੈਲੀ ਕੀਤੀ ਜਾਵੇਗੀ, ਜਿਸ ’ਚ ਪੰਜਾਬ ਭਰ ਤੋਂ ਲਗਭਗ 6,000 ਤੋਂ 6,500 ਐੱਨਐੱਚਐੱਮ ਮੁਲਾਜ਼ਮਾਂ ਤੋਂ ਇਲਾਵਾ ਹੋਰ ਸਿਹਤ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਯੂਨੀਅਨ ਆਗੂ ਮਨਜਿੰਦਰ ਉਨ੍ਹਾ ਦੱਸਿਆ ਕਿ ਐੱਨਐੱਚਐੱਮ ਮੁਲਾਜ਼ਮ ਸੂਬੇ ਦੀ ਸਿਹਤ ਪ੍ਰਣਾਲੀ ’ਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਲਈ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਲਟਕਾਉਣ ਦੀ ਬਜਾਏ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕਰਕੇ ਗੱਲਬਾਤ ਰਾਹੀਂ ਠੋਸ ਤੇ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ। ਯੂਨੀਅਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਸਰਕਾਰ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ 9 ਅਕਤੂਬਰ ਦੀ ਮਹਾ ਰੈਲੀ ਉਪਰੰਤ ਸੰਘਰਸ਼ ਨੂੰ ਹੋਰ ਤਿੱਖਾ, ਤੇਜ਼ ਤੇ ਵਿਸ਼ਾਲ ਕੀਤਾ ਜਾਵੇਗਾ।