10 ਦੀ ਸੂਬਾਈ ਸੰਗਰੂਰ ਰੈਲੀ ’ਚ ਫੈਡਰੇਸ਼ਨ ਦੇ ਸੈਂਕੜੇ ਸਾਥੀ ਕਰਨਗੇ ਸ਼ਮੂਲੀਅਤ 10 ਅਕਤੂਬਰ ਦੀ ਵਿਸ਼ਾਲ ਸੂਬਾਈ ਸੰਗਰੂਰ ਰੈਲੀ ’ਚ ਫੈਡਰੇਸ਼ਨ ਸੈਕੜੇ ਸਾਥੀ ਸ਼ਾਮਲ ਕਰਾਂਏਗੀ
Publish Date: Sun, 04 Oct 2026 06:59 PM (IST)
Updated Date: Sun, 04 Oct 2026 07:02 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਕੀਤੀ ਗਈ। ਮੀਟਿੰਗ ’ਚ 10 ਅਕਤੂਬਰ ਨੂੰ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਤੇ ਚੱਲ ਰਹੇ ਸੰਘਰਸ਼ ’ਤੇ ਸਵੈ ਪੜਚੋਲ ਕੀਤੀ ਗਈ। ਮੀਟਿੰਗ ’ਚ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ’ਚ ਵੱਧ ਤੋਂ ਵੱਧ ਗਿਣਤੀ ’ਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ’ਚ ਸ਼ਾਮਲ ਮੈਂਬਰਾਂ ਨੇ ਸੂਬਾਈ ਆਗੂ ਨੂੰ ਭਰੋਸਾ ਦਿੱਤਾ ਕਿ ਉਹ ਬੈਨਰ ਤੇ ਝੰਡਿਆਂ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਸ਼ਮੂਲੀਅਤ ਨੂੰ ਯਕੀਨੀ ਬਣਾਉਣਗੇ। ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਨੂੰ ਮਜਬੂਰ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ 18 ਸਤੰਬਰ ਨੂੰ 8 ਫੀਸਦੀ ਡੀਏ ਦੀ ਅਨਾਉਂਸਮੈਂਟ ਕਰਕੇ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਕਿ ਮੁਲਾਜ਼ਮਾਂ ਤੇ ਪੈਨਸ਼ਨਰ ਜਥੇਬੰਦੀਆਂ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਵੱਖ-ਵੱਖ ਮੰਗਾਂ ਨੂੰ ਮਨਵਾਉਣ ਦੇ ਲਈ ਸੰਘਰਸ਼ ਕਰਨ ਲਈ ਤਤਪਰ ਹਨ। ਇਸ ਸਬੰਧੀ ਅੱਠ ਫੀਸਦੀ ਮਹਿੰਗਾਈ ਭੱਤੇ ਵਾਲੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਦਿਆਂ ਹੋਇਆ ਹਾਈਕੋਰਟ ਤੋਂ ਜਾਰੀ ਹੋਏ ਹੁਕਮ ਨੂੰ ਲਾਗੂ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗ੍ਰੇਡਾਂ ’ਚ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੈਨਸ਼ਨਰਾਂ ਦੀ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲਾਗੂ ਕਰਨ, ਮਾਣ ਭੱਤਾ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਨ, ਕੱਟੇ ਭੱਤੇ ਬਹਾਲ ਕਰਨ, 15/01/2015,17/07/2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨ ਆਦਿ ਮੰਗ ਪੱਤਰ ’ਚ ਦਰਜ ਹੋਰ ਪੈਂਡਿੰਗ ਮੰਗਾਂ ਨੂੰ ਸਵੀਕਾਰ ਕਰਨ ਤੱਕ ਸਾਂਝੀ ਤਾਲਮੇਲ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਜਾਰੀ ਰਹੇਗਾ। ਮੀਟਿੰਗ ’ਚ ਪੁਸ਼ਪਿੰਦਰ ਕੁਮਾਰ ਵਿਰਦੀ, ਜਗੀਰ ਸਿੰਘ ਸਹੋਤਾ, ਓਮ ਪ੍ਰਕਾਸ਼, ਹਰੀ ਰਾਮ, ਸੁਖਵਿੰਦਰ ਰਾਮ, ਰਤਨ ਸਿੰਘ, ਕੁਲਦੀਪ ਸਿੰਘ ਕੌੜਾ, ਸਿਮਰਨਜੀਤ ਪਾਸਲਾ, ਚਰਨਜੀਤ ਕੌਰ ਮਾਹਲਾਂ, ਜਸਵੀਰ ਕੌਰ, ਕਮਲਜੀਤ ਕੌਰ, ਰੇਖਾ ਰਾਣੀ, ਮਨਜੀਤ, ਭੋਲੀ, ਤੋਸ਼ੀ, ਸਰਬਜੀਤ, ਸੱਤਿਆ, ਸੋਨੀਆ, ਆਸ਼ਾ ਰਾਣੀ ਹਾਜ਼ਰ ਸਨ।