ਬਸੰਤ ਹਿੱਲ ਕਾਲੋਨੀ ’ਚ ਰਸਤੇ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਹੰਗਾਮਾ ਬਸੰਤ ਹਿੱਲ ਕਲੋਨੀ ਵਿੱਚ ਰਸਤੇ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਹੰਗਾਮਾ
Publish Date: Sun, 29 Nov 2026 08:54 PM (IST)
Updated Date: Sun, 29 Nov 2026 08:55 PM (IST)
ਕਾਲੋਨੀ ਵਾਸੀਆਂ ਨੇ ਨਗਰ ਨਿਗਮ ਜਲੰਧਰ ਖ਼ਿਲਾਫ਼ ਖੋਲ੍ਹਿਆ ਮੋਰਚਾ ਡਿਪਟੀ ਮੇਅਰ ’ਤੇ ਮਾਮਲੇ ’ਚ ਦਖ਼ਲ ਦੇਣ ਦੇ ਲਗਾਏ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਸਥਿਤ ਬਸੰਤ ਹਿੱਲ ਕਾਲੋਨੀ ’ਚ ਰਸਤੇ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਾਲੋਨੀ ਵਾਸੀਆਂ ਨੇ ਨਗਰ ਨਿਗਮ ਜਲੰਧਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਤੋਂ ਰਸਤੇ ਨੂੰ ਕਬਜ਼ਾ ਮੁਕਤ ਕਰਵਾਉਣ ਦੀ ਮੰਗ ਕੀਤੀ। ਪ੍ਰਦਰਸ਼ਨ ਕਰ ਰਹੇ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਬਸੰਤ ਹਿੱਲ ਕਾਲੋਨੀ ਨੂੰ ਜਾਂਦੀ ਸੜਕ ’ਤੇ ਕਥਿਤ ਤੌਰ ’ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਵੀ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਉਨ੍ਹਾਂ ਅਨੁਸਾਰ ਮਾਮਲੇ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਵਸਨੀਕਾਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਤੇ ਨਗਰ ਨਿਗਮ ਵੱਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਕਾਲੋਨੀ ਵਾਸੀਆਂ ਨੇ ਡਿਪਟੀ ਮੇਅਰ ’ਤੇ ਵੀ ਸਿੱਧੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਰੁਕਾਵਟ ਪਾਈ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਸਬੰਧੀ ਡਿਪਟੀ ਮੇਅਰ ਦਾ ਪੱਖ ਸਾਹਮਣੇ ਨਹੀਂ ਆਇਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਰਸਤੇ ’ਤੇ ਕਥਿਤ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰਸਤੇ ਤੋਂ ਸਕੂਲੀ ਬੱਸਾਂ ਦੀ ਆਵਾਜਾਈ ਵੀ ਕਾਫ਼ੀ ਜ਼ਿਆਦਾ ਹੈ। ਸੜਕ ’ਤੇ ਰਸਤਾ ਤੰਗ ਹੋਣ ਕਾਰਨ ਵਾਹਨਾਂ ਨੂੰ ਗਲਤ ਪਾਸੇ ਤੋਂ ਲੰਘਣਾ ਪੈਂਦਾ ਹੈ, ਜਿਸ ਨਾਲ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕਥਿਤ ਕਬਜ਼ਾ ਹਟਵਾਇਆ ਗਿਆ ਸੀ, ਪਰ ਉੱਥੇ ਪਿਆ ਮਲਬਾ ਅਜੇ ਤੱਕ ਨਹੀਂ ਚੁੱਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਡਿਪਟੀ ਮੇਅਰ ਵੱਲੋਂ ਮਲਬਾ ਚੁੱਕਣ ਦੀ ਕਾਰਵਾਈ ਵਿੱਚ ਵੀ ਰੁਕਾਵਟ ਪਾਈ ਗਈ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਵਸਨੀਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਕਰਕੇ ਲਿਖਤੀ ਸ਼ਿਕਾਇਤ ਦੇਣਗੇ ਅਤੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਸਮੱਸਿਆ ਰੱਖਣਗੇ। ਇਸ ਦੇ ਬਾਵਜੂਦ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਉਹ ਜਲੰਧਰ-ਹੁਸ਼ਿਆਰਪੁਰ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਠਾਇਆ ਜਾਵੇਗਾ। ਇਸ ਮੌਕੇ ਕਾਲੋਨੀ ਵਾਸੀਆਂ ਵਿੱਚ ਪ੍ਰਧਾਨ ਜਗਜੀਵਨ ਲਾਲ, ਸੀਨੀਅਰ ਵਾਈਸ ਪ੍ਰਧਾਨ ਕਮ ਕੈਸ਼ੀਅਰ ਕੇ.ਜੀ. ਸ਼ਰਮਾ, ਵਾਈਸ ਪ੍ਰਧਾਨ ਸੁਭਾਸ਼ ਜੋਸ਼ੀ, ਜਨਰਲ ਸਕੱਤਰ ਕਰਨਲ ਆਰ.ਐਮ. ਸਿੱਧੂ, ਸਰਦਾਰ ਹਰਿੰਦਰ ਸਿੰਘ ਮਾਨ, ਜਾਗੀਰ ਸਿੰਘ, ਕਰਨਲ ਨਰਿੰਦਰ ਸਿੰਘ, ਵਨੀਤ ਸ਼ੁਕਲਾ, ਅਮਰਜੀਤ ਸਿੰਘ, ਸਤਨਾਮ ਸਿੰਘ, ਕਰਨਲ ਏ.ਪੀ. ਸਿੰਘ, ਪਵਨ ਗੋਇਲ, ਕਮਲ ਗੁਪਤਾ, ਗੁਰਿੰਦਰ ਬਰਾੜ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਅਤੇ ਆਰ.ਕੇ. ਅੱਗਰਵਾਲ ਸਮੇਤ ਹੋਰ ਕਾਲੋਨੀ ਵਾਸੀ ਮੌਜੂਦ ਸਨ।